ਵਿਦਿਆਰਥੀ ਆਗੂ ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ: ਜਮਹੂਰੀ ਅਧਿਕਾਰ ਸਭਾ

Punjab


ਉਨ੍ਹਾਂ ‘ਤੇ ਐਸਸੀਐਸਟੀ ਐਕਟ ਧਾਰਾ ਵੀ ਲਾਈ ਜਾਵੇ l

ਬਠਿੰਡਾ: 12 ਅਕਤੂਬਰ, ਦੇਸ਼ ਕਲਿੱਕ ਬਿਓਰੋ

ਰਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਆਗੂ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਐਸਸੀ,ਐਸਟੀ ਐਕਟ ਦੀ ਧਾਰਾ ਦਾ ਵਾਧਾ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ l ਪ੍ਰਿੰਸੀਪਲ ਵੱਲੋਂ ਬਾਹਰਲੇ ਅਨਸਰਾਂ ਵੱਲੋਂ ਕਾਲਜ ਹਦੂਦ ਵਿੱਚ ਦਾਖਲ ਹੋ ਕੇ ਕੀਤੀ ਗੁੰਡਾਗਰਦੀ ਖਿਲਾਫ ਟਰੈਸਪਾਸ ਦੀ ਧਾਰਾ ਜੋੜਨ ਲਈ ਪੁਲਸ ਕੋਲ ਸ਼ਿਕਾਇਤ ਭੇਜੀ ਜਾਵੇ l ਕਾਲਜ ਅੰਦਰ ਪ੍ਰਸ਼ਾਸਨਿਕ ਤੇ ਗੁੰਡਾਗਰਦੀ ਦੀ ਦਹਿਸ਼ਤ ਫੈਲਾਉਂਦਾ ਮਾਹੌਲ ਵਿਦਿਆਰਥੀਆਂ ਦੇ ਵਿਕਾਸ ਲਈ ਨੁਕਸਾਨਦੇਹ ਹੈ ਇਸ ਨੂੰ ਤੁਰੰਤ ਸੁਖਾਲਾ ਬਣਾਇਆ ਜਾਵੇ l ਵਿਦਿਆਰਥੀਆਂ ਨੂੰ ਆਪਣੀਆਂ ਮੰਗਾਂ ਲਈ ਜਥੇਬੰਦ ਹੋਣ ਦਾ ਸੰਵਿਧਾਨਿਕ ਹੱਕ ਹੈ, ਕਾਲਜ ਅਧਿਕਾਰੀ ਇਸ ਵਿੱਚ ਦਖਲਅੰਦਾਜੀ ਨਾ ਕਰਨ l ਆਮ ਨਾਗਰਿਕਾਂ ਦੇ ਕਾਲਜ ਵਿੱਚ ਦਾਖਲ ਹੋਣ ਤੇ ਲਾਈ ਪਬੰਦੀ ਨੂੰ ਤੁਰੰਤ ਹਟਾਇਆ ਜਾਵੇ।
ਉਕਤ ਮੰਗਾਂ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸੁਖਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਵਿਦਿਆਰਥੀ ਆਗੂ ਉੱਪਰ ਹੋਏ ਹਮਲੇ ਨੂੰ ਵਿਦਿਅਕ ਮਾਹੌਲ ਲਈ ਖਤਰਨਾਕ ਸਮਝਦੇ ਹੋਏ ਸਭਾ ਦੀ ਜਿਲਾ ਇਕਾਈ ਬਠਿੰਡਾ ਦੇ ਕਾਰਜਕਰਨੀ ਮੈਂਬਰਾਂ (ਪ੍ਰਿਤਪਾਲ ਸਿੰਘ,ਸੰਤੋਖ ਸਿੰਘ ਮੱਲਣ,ਮਨੋਹਰ ਦਾਸ,ਮੰਦਰ ਜੱਸੀ ਤੇ ਗੁਰਚਰਨ ਸਿੰਘ ਖੇਮੂਆਣਾ) ਤੇ ਅਧਾਰਤ 5 ਮੈਂਬਰੀ ਜਾਂਚ ਟੀਮ ਵੱਲੋਂ ਤਿਆਰ ਕੀਤੀ ਰਿਪੋਰਟ ਨੂੰ ਰਿਲੀਜ਼ ਕਰਦਿਆਂ ਰੱਖੀਆਂ l ਉਹਨਾਂ ਅੱਗੇ ਕਿਹਾ ਕਿ ਸਭਾ ਦੀ ਜਾਂਚ ਕਮੇਟੀ ਨੇ ਆਮ ਵਿਦਿਆਰਥੀਆਂ,ਵਿਦਿਆਰਥੀ ਆਗੂਆਂ ਅਧਿਆਪਕਾਂ ਮੁਲਾਜ਼ਮਾਂ ਤੋਂ ਜਾਣਕਾਰੀ ਹਾਸਿਲ ਕੀਤੀ,ਕਾਲਜ ਪ੍ਰਿੰਸੀਪਲ ਦਾ ਪੱਖ ਜਾਨਣ ਲਈ ਪਹੁੰਚ ਕੀਤੀ l ਅਖਬਾਰੀ ਰਿਪੋਰਟਾਂ,ਐਫਆਈਆਰ ਦੀ ਕਾਪੀ ਤੇ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਦੀ ਘੋਖ ਪੜਤਾਲ ਕਰਨ ਪਿੱਛੋਂ ਟੀਮ ਇਸ ਸਿੱਟੇ ਤੇ ਪਹੁੰਚੀ ਹੈ ਕਿ ਕਾਲਜ ਚ ਦਹਿਸ਼ਤ ਦਾ ਮਾਹੌਲ ਹੈ। ਰਜਿੰਦਰ ਤੇ ਹੋਏ ਹਮਲੇ ਤੋਂ ਤਿੰਨ ਦਿਨ ਪਹਿਲਾਂ ਜਦੋਂ ਭਟਕੀ ਹੋਈ ਹਮਲਾਵਰ ਮਾਨਸਿਕਤਾ ਵਾਲੇ ਕੁੱਝ ਨੌਜਵਾਨ ਕਾਲਜ ਵਿੱਚ ਆਏ,ਪ੍ਰਿੰਸੀਪਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਪਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਤੇ ਬਣਦੀ ਕਾਰਵਾਈ ਕਰਨ ਦੀ ਬਜਾਏ ਕੁਝ ਸਮੇਂ ਪਿੱਛੋਂ ਹੀ ਉਹਨਾਂ ਨੂੰ ਖੁਲ੍ਹਾ ਛੱਡ ਦਿੱਤਾ। ਜਿਸ ਕਰਕੇ ਕੁਝ ਅਰਸੇ ਬਾਅਦ ਹੀ ਇਹਨਾਂ ਅਨਸਰਾਂ ਨੇ ਰਜਿੰਦਰ ਨੂੰ ਪੁਲਿਸ ਕਾਰਵਾਈ ਦਾ ਜਿੰਮੇਵਾਰ ਸਮਝਦਿਆਂ ਉਸ ਤੇ ਜਾਨਾਲੇਵਾ ਹਮਲਾ ਕਰ ਦਿੱਤਾ l ਇਹ ਹਮਲਾ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਕੀਤੀ ਗੰਭੀਰ ਕੁਤਾਹੀ ਕਾਰਣ ਹੀ ਹੋਇਆ। ਕਾਲਜ ਗੇਟ ਤੇ ਤਾਇਨਾਤ ਸੁਰੱਖਿਆ ਕਰਮਚਾਰੀ ਦੇ ਬਾਵਜੂਦ ਬਾਹਰਲੇ ਅਨਸਰਾਂ ਦਾ ਕਾਲਜ ਅੰਦਰ ਆ ਜਾਣਾ ਕਾਲਜ ਪ੍ਰਸ਼ਾਸਨ ਦੀ ਕਮਜ਼ੋਰੀ/ਅਫ਼ਸਰਸ਼ਾਹੀ ਪਹੁੰਚ ਜ਼ਾਹਿਰ ਕਰਦਾ ਹੈ। ਸਰਕਾਰੀ ਕਾਲਜਾਂ ਅੰਦਰ ਨਿੱਜੀਕਰਨ ਲਾਗੂ ਕਰਨ ਦੀ ਨੀਤੀ ਵਿਰੁੱਧ ਜਥੇਬੰਦ ਹੁੰਦੇ ਵਿਦਿਆਰਥੀਆਂ,ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਦਹਿਸ਼ਤਜਦਾ ਕਰਨ ਲਈ ਉਹਨਾਂ ਨੂੰ ਡਰਾਉਣਾ ਧਮਕਾਉਣਾ ਤੇ ਉਹਨਾਂ ਤੇ ਹਮਲੇ ਕਰਾਉਣੇ ਇਸੇ ਨੀਤੀ ਦਾ ਹਿੱਸਾ ਹੈ l ਪ੍ਰਿੰਸੀਪਲ,ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਬਣਿਆ ਬੇਵਿਸ਼ਵਾਸੀ ਦਾ ਮਾਹੌਲ ਕਾਲਜ ਚ ਬਾਹਰ ਆਉਂਦੇ ਹਮਲਾਵਰ ਅਨਸਰਾਂ ਦਾ ਹੌਸਲਾ ਵਧਾਉਂਦਾ ਹੈ l ਕਾਲਜ ਦੇ ਭਲੇ ਲਈ ਸਰੋਕਾਰ ਰੱਖਣ ਵਾਲੇ ਸ਼ਹਿਰੀਆਂ/ਜਥੇਬੰਦੀਆਂ ਨੂੰ ਪ੍ਰਿੰਸੀਪਲ ਦਾ ਨਾ ਮਿਲਣਾ ਉਹਨਾਂ ਦੇ ਅਫਸਰਸ਼ਾਹੀ ਵਰਤਾਓ ਦਾ ਪ੍ਰਤੀਕ ਹੈ,ਜਿਸ ਨੂੰ ਤਿਆਗਣ ਦੀ ਲੋੜ ਹੈ l ਹਮਲਾਵਰਾਂ ਦੇ ਆਗੂ ਦਾ ਉਚ ਜਾਤੀ ਨਾਲ ਸੰਬੰਧਿਤ ਹੋਣਾ ਅਤੇ ਕੁੱਟਮਾਰ ਕਰਨ ਵੇਲੇ ਜਾਤੀ ਸੂਚਕਾ ਗਾਲਾਂ ਦੀ ਵਰਤੋਂ ਕਰਨ ਦੇ ਬਾਵਜੂਦ ਐਸਸੀ,ਐਸ ਟੀ ਐਕਟ ਦੀਆਂ ਧਾਰਾਵਾਂ ਨਾ ਲਾਉਣੀਆਂ ਪੁਲਿਸ ਵੱਲੋਂ ਕੀਤੀ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ। ਹੈਰਾਨੀ ਦੀ ਗੱਲ ਹੈ ਕਿ ਹਮਲਾ ਕਰਨ ਵਾਲੇ ਵੀ ਆਮ ਸਧਾਰਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਪਰ ਪੰਜਾਬ ਅੰਦਰਲੇ ਗੰਨ ਕਲਚਰ ਅਤੇ ਭੜਕਾਊ ਸੱਭਿਆਚਾਰ ਨੇ ਇਨ੍ਹਾਂ ਨੌਜਵਾਨਾਂ ਨੂੰ ਵੀ ਵਿਗਾੜ ਦਿੱਤਾ ਹੈ ਤੇ ਉਹ ਫੋਕੀ ਸ਼ੋਹਰਤ ਬਣਾਉਣ ਦਾ ਸ਼ਿਕਾਰ ਹੋ ਗਏ ਹਨ l
ਇਹਨਾਂ ਕੁਰਾਹੇ ਪਏ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਨ ਦੀ ਜਿੰਮੇਵਾਰੀ ਵੀ ਜਮਹੂਰੀ ਹਲਕਿਆਂ ਨੂੰ ਨਿਭਾਉਣੀ ਪੈਣੀ ਹੈ ।

Leave a Reply

Your email address will not be published. Required fields are marked *