ਨਵੀਂ ਦਿੱਲੀ, 12 ਅਕਤੂਬਰ, ਦੇਸ਼ ਕਲਿਕ ਬਿਊਰੋ :
ਤਾਮਿਲਨਾਡੂ ਵਿੱਚ ਮੈਸੂਰ-ਦਰਭੰਗਾ ਐਕਸਪ੍ਰੈਸ (12578) ਇੱਕ ਮਾਲ ਗੱਡੀ ਨਾਲ ਟਕਰਾ ਗਈ। ਦੱਖਣੀ ਰੇਲਵੇ ਮੁਤਾਬਕ ਇਹ ਹਾਦਸਾ ਰਾਤ 8.30 ਵਜੇ ਕਾਵਾਰਾਈਪੇੱਟਾਈ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। 19 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਚੇਨਈ ਸੈਂਟਰਲ ਤੋਂ ਮੈਡੀਕਲ ਰਾਹਤ ਵੈਨਾਂ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚੇ। ਚੇਨਈ ਤੋਂ ਇਸ ਸਟੇਸ਼ਨ ਦੀ ਦੂਰੀ 41 ਕਿਲੋਮੀਟਰ ਹੈ। ਟਰੇਨ ਵਿੱਚ ਕੁੱਲ 1360 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ: ਆਰਟਿਲਰੀ ਸੈਂਟਰ ‘ਚ ਫਾਇਰਿੰਗ ਅਭਿਆਸ ਦੌਰਾਨ ਦੋ ਅਗਨੀਵੀਰਾਂ ਦੀ ਮੌਤ
ਦੱਖਣੀ ਰੇਲਵੇ ਨੇ ਦੱਸਿਆ ਕਿ ਰਾਤ 8.27 ਵਜੇ ਪੋਨੇਰੀ ਸਟੇਸ਼ਨ ਪਾਰ ਕਰਨ ਤੋਂ ਬਾਅਦ ਬਾਗਮਤੀ ਐਕਸਪ੍ਰੈੱਸ ਨੂੰ ਮੇਨ ਲਾਈਨ ‘ਤੇ ਚੱਲਣ ਲਈ ਹਰੀ ਝੰਡੀ ਮਿਲ ਗਈ ਸੀ। ਕਾਵਾਰਾਈਪੇੱਟਈ ਰੇਲਵੇ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ, ਲੋਕੋ ਪਾਇਲਟ ਅਤੇ ਟਰੇਨ ਦੇ ਅਮਲੇ ਨੂੰ ਜ਼ੋਰਦਾਰ ਝਟਕਾ ਲੱਗਾ।
ਇਸ ਤੋਂ ਬਾਅਦ ਟਰੇਨ ਮੇਨ ਲਾਈਨ ਨੂੰ ਛੱਡ ਕੇ ਲੂਪ ਲਾਈਨ ‘ਤੇ ਚਲੀ ਗਈ। ਇਸ ਲੂਪ ਲਾਈਨ ‘ਤੇ ਪਹਿਲਾਂ ਮਾਲ ਗੱਡੀ ਖੜ੍ਹੀ ਸੀ। ਬਾਗਮਤੀ ਐਕਸਪ੍ਰੈਸ ਮਾਲ ਗੱਡੀ ਨਾਲ ਟਕਰਾ ਗਈ। ਹਾਦਸੇ ਵਿੱਚ 12 ਤੋਂ 13 ਡੱਬੇ ਪਟੜੀ ਤੋਂ ਉਤਰ ਗਏ। ਇੱਕ ਕੋਚ ਅਤੇ ਪਾਰਸਲ ਵੈਨ ਨੂੰ ਅੱਗ ਲੱਗ ਗਈ।