ਬਠਿੰਡਾ: 13 ਅਕਤੂਬਰ, ਦੇਸ਼ ਕਲਿੱਕ ਬਿਓਰੋ
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐਨ ਸਾਈਬਾਬਾ, ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਦਰਜ ਇੱਕ ਕੇਸ ਵਿੱਚ 10 ਸਾਲਾਂ ਦੀ ਜੇਲ੍ਹ ਤੋਂ ਬਾਅਦ ਬਰੀ ਹੋਏ ਸਨ। ਜੇਲ੍ਹ ਵਿੱਚ ਭਾਰਤੀ ਹਾਕਮਾਂ ਦੀ ਅਣਗਹਿਲੀ ਤੇ ਇਲਾਜ ਵਿੱਚ ਜਾਣਬੁੱਝ ਕੇ ਕੀਤੀ ਕੁਤਾਹੀ ਕਾਰਨ ਉਹ ਗੰਭੀਰ ਬਿਮਾਰੀਆਂ ਦੀ ਜਕੜ ਵਿੱਚ ਆ ਗਏ। ਲੰਮੀ ਕੈਦ ਅਤੇ ਜੇਲ੍ਹ ਵਿੱਚ ਕਥਿਤ ਤਸ਼ੱਦਦ ਨੇ ਉਹਨਾਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਪ੍ਰੋ. ਸਾਈਬਾਬਾ ਨੂੰ ਗਾਲ ਬਲੈਡਰ ਅਤੇ ਪੈਨਕ੍ਰੀਅਸ ਨਾਲ ਸਬੰਧਤ ਬਿਮਾਰੀਆਂ ਲਈ ਐਨਆਈਐਮਐਸ, ਹੈਦਰਾਬਾਦ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਸਰਜਰੀ ਹੋਈ ਸੀ।
58 ਸਾਲਾ ਸਾਈਬਾਬਾ ਇੱਕ ਵਿਦਵਾਨ, ਲੇਖਕ, ਅਤੇ ਮਨੁੱਖੀ ਅਧਿਕਾਰ ਕਾਰਕੁਨ ਸਨ। ਉਹਨਾਂ ਨੇ ਨਾਗਪੁਰ ਕੇਂਦਰੀ ਜੇਲ੍ਹ ਤੋਂ ਰਿਹਾਈ ਤੋਂ ਇੱਕ ਦਿਨ ਬਾਅਦ (8 ਮਾਰਚ ਨੂੰ) ਕਿਹਾ ਸੀ ਕਿ “ਪੋਲੀਓ ਨੂੰ ਛੱਡ ਕੇ ਜੋ ਮੈਨੂੰ ਬਚਪਨ ਤੋਂ ਸੀ, ਮੈਂ ਬਿਨਾਂ ਕਿਸੇ ਸਿਹਤ ਸਮੱਸਿਆ ਦੇ ਜੇਲ੍ਹ ਗਿਆ ਸੀ ਪਰ ਅੱਜ, ਮੈਂ ਤੁਹਾਡੇ ਸਾਹਮਣੇ ਹਾਂ ਭਾਵੇਂ ਜ਼ਿੰਦਾ ਹਾਂ, ਪਰ ਮੇਰਾ ਹਰ ਅੰਗ ਫੇਲ ਹੋ ਰਿਹਾ ਹੈ, ”
ਪ੍ਰੋਫੈਸਰ, ਸਾਈਬਾਬਾ ਨੂੰ ਮਈ 2014 ਵਿੱਚ ਮਾਓਵਾਦੀ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬੰਬੇ ਹਾਈ ਕੋਰਟ ਨੇ ਜੂਨ 2015 ਵਿੱਚ ਮੈਡੀਕਲ ਆਧਾਰ ‘ਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਇੱਕ ਮਹੀਨੇ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਦਸੰਬਰ 2015 ਤੋਂ ਅਪ੍ਰੈਲ 2016 ਦਰਮਿਆਨ ਫਿਰ ਜੇਲ੍ਹ ਭੇਜਿਆ ਗਿਆ ਸੀ। ਉਹਨਾਂ ਨੂੰ ਮਾਰਚ 2017 ਵਿੱਚ ਪਾਬੰਦੀਸ਼ੁਦਾ ਰੈਵੋਲਿਊਸ਼ਨਰੀ ਡੈਮੋਕਰੇਟਿਕ ਫਰੰਟ, ਸੀਪੀਆਈ (ਮਾਓਵਾਦੀ) ਨਾਲ ਜੁੜੀ ਜਥੇਬੰਦੀ ਨਾਲ ਸਬੰਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਸਾਈਬਾਬਾ ਨੂੰ ਕੈਂਸਰ ਨਾਲ ਪੀੜਤ ਆਪਣੀ ਮਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਉਸਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ।
ਇਹ ਇੱਕ ਕੁਦਰਤ ਮੌਤ ਨਹੀਂ ਹੈ ਬਲਕਿ ਇਹ ਭਾਰਤੀ ਰਾਜ ਪ੍ਰਬੰਧ ਵੱਲੋਂ ਕੀਤਾ ਗਿਆ ਇੱਕ ਕਤਲ ਹੈ। ਮਨੁੱਖੀ ਅਧਿਕਾਰ ਕਾਰਕੁੰਨ ਤੇ ਇੱਕ ਪ੍ਰੋਫੈਸਰ ਦਾ ਇੰਝ ਸਾਡੀਆਂ ਅੱਖਾਂ ਸਾਹਮਣੇ ਚਲੇ ਜਾਣਾ ਭਾਰਤੀ ਸਮਾਜ ਲਈ ਬੇਹੱਦ ਗੰਭੀਰ ਤੇ ਚਿੰਤਾਜਨਕ ਸਵਾਲ ਹੈ। ਇਸ ਸਮਾਜ ਅੰਦਰ ਸਿਹਤਮੰਦ ਸਮਾਜ ਦਾ ਸਰਮਾਇਆ ਮਨੁੱਖੀ ਅਧਿਕਾਰਾਂ ਦੇ ਰਾਖੇ, ਲੇਖਕ, ਅਧਿਆਪਕ, ਵਿਦਵਾਨ ਆਦਿ ਸੁਰੱਖਿਅਤ ਨਹੀਂ ਹਨ ।
ਅਲਵਿਦਾ ਪ੍ਰੋਫੈਸਰ ਸਾਈਬਾਬਾ!