ਦਲਜੀਤ ਕੌਰ
ਲਹਿਰਾਗਾਗਾ, 15 ਅਕਤੂਬਰ, 2024: ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ, ਲਹਿਰਾਗਾਗਾ ਦੀ ਕੁੜੀਆਂ ਦੀ ਜੂਨੀਅਰ ਖੋ-ਖੋ ਟੀਮ ਕੋਚ ਚੰਦਨ ਮੰਗਲ ਦੀ ਅਗਵਾਈ ਹੇਠ ਕਰਨਾਲ (ਹਰਿਆਣਾ) ਵਿਖੇ ਹੋਣ ਵਾਲੀ ਸੀਬੀਐਸਈ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਲਈ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਅਤੇ ਮੈਡਮ ਅਮਨ ਢੀਂਡਸਾ ਨੇ ਰਵਾਨਾ ਕੀਤੀ।
ਇਸ ਟੀਮ ਨੇ ਕਲੱਸਟਰ-17 ਦੇ ਮੁਕਾਬਲਿਆਂ ਵਿੱਚ ਵਿਰੋਧੀ ਟੀਮਾਂ ਨੂੰ ਵੱਡੇ ਫਰਕ ਨਾਲ ਹਰਾਕੇ ਪਹਿਲਾ ਸਥਾਨ ਹਾਸਿਲ ਕੀਤਾ ਸੀ। ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਖੇਡਾਂ ਹਰੇਕ ਵਿਦਿਆਰਥੀ ਦੇ ਵਿਅਕਤੀਗਤ ਵਿਕਾਸ ਲਈ ਜ਼ਰੂਰੀ ਹਨ। ਇਕੱਲੇ ਸਰੀਰਕ ਵਿਕਾਸ ਲਈ ਹੀ ਨਹੀਂ, ਸਗੋਂ ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਵੀ ਖੇਡਾਂ ਜ਼ਰੂਰੀ ਹਨ।
ਟੀਮ ਵਿੱਚ ਸ਼ਾਮਿਲ ਖਿਡਾਰਨਾਂ ਗੁਰਨੂਰ ਵੜੈਚ, ਸਵਰੀਨ ਸਰਾਓ, ਲਵਨੀਤ ਧਦਰਾਓ, ਮਹਿਕਪ੍ਰੀਤ ਕੌਰ, ਮਨਸੀਰਤ ਸਰਾਓ, ਮਾਨਵੀ ਵੜੈਚ, ਯੁਵਲੀਨ ਵੜੈਚ, ਹਰਕੀਰਤ ਗਿੱਲ, ਸਹਿਜਪ੍ਰੀਤ ਸਰਾਓ ਅਤੇ ਖੁਸ਼ਦੀਪ ਸਰਾਓ ਨੇ ਖੇਡ ਭਾਵਨਾ ਨਾਲ ਖੇਡਣ ਦਾ ਪ੍ਰਣ ਲਿਆ। ਇਸ ਮੌਕੇ ਮੈਡਮ ਹਰਪ੍ਰੀਤ ਕੌਰ ਵੀ ਹਾਜ਼ਰ ਸਨ।