ਦੁਕਾਨਦਾਰਾਂ ਨੂੰ ਸ਼ੁੱਧ ਤੇ ਮਿਆਰੀ ਮਠਿਆਈਆਂ ਵੇਚਣ ਦੀਆਂ ਹਦਾਇਤਾਂ

ਸਿਹਤ

ਮੋਹਾਲੀ, 15 ਅਕਤੂਬਰ: ਦੇਸ਼ ਕਲਿੱਕ ਬਿਓਰੋ

ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਨੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਅਤੇ ਵੇਚਣ ਵਾਲੇ ਦੁਕਾਨਦਾਰਾਂ ਖ਼ਾਸਕਰ ਹਲਵਾਈਆਂ ਅਤੇ ਹੋਰ ਫ਼ੂਡ ਬਿਜ਼ਨਸ ਆਪਰੇਟਰਜ਼ (ਐਫ਼.ਬੀ.ਓ.) ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ੁੱਧ, ਮਿਆਰੀ ਤੇ ਸਾਫ਼-ਸੁਥਰੀਆਂ ਚੀਜ਼ਾਂ ਵੇਚਣ। ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਆਖਿਆ ਕਿ ਜੇ ਕੋਈ ਹਲਵਾਈ ਜਾਂ ਹੋਰ ਦੁਕਾਨਦਾਰ ਮਿਲਾਵਟੀ ਖਾਧ ਪਦਾਰਥ ਬਣਾਉਂਦਾ ਜਾਂ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਹਰ ਦੁਕਾਨਦਾਰ, ਦੋਧੀ ਜਾਂ ਹੋਰ ਸਬੰਧਤ ਵਿਅਕਤੀ ਲਈ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਦੀ ਹਾਲਤ ਵਿਚ ਉਨ੍ਹਾਂ ਦਾ ਵਿਕਰੀ ਲਾਇਸੰਸ ਰੱਦ ਕੀਤਾ ਜਾਵੇਗਾ ਅਤੇ ਨਾਲ ਹੀ ਕਾਨੂੰਨ ਵਿਚ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਜਾਗਰੂਕ ਹੋਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਖ਼ਰੀਦ ਸਮੇਂ ਮਿਆਰ ਅਤੇ ਸ਼ੁੱਧਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ। ਉੁਨ੍ਹਾਂ ਇਹ ਵੀ ਕਿਹਾ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਦੁਕਾਨਦਾਰ ਨੂੰ ਟਰੇਅ ਉਤੇ ਮਿਆਦ ਦੀ ਤਰੀਕ ਦਰਸਾਉਣੀ ਪਵੇਗੀ। ਇਹ ਨਿਯਮ 1 ਅਕਤੂਬਰ, 2020 ਤੋਂ ਲਾਗੂ ਹੈ।
ਡਾ. ਰੇਨੂੰ ਸਿੰਘ ਨੇ ਦਸਿਆ ਕਿ ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਬ੍ਰਾਂਚ ਨੂੰ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿਚ ਜਾਂਚ ਤੇਜ਼ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਦਿਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਜਾਂਚ ਦਾ ਮੰਤਵ ਕਿਸੇ ਦੁਕਾਨਦਾਰਾਂ ਨੂੰ ਤੰਗ ਕਰਨਾ ਨਹੀਂ ਸਗੋਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਕਰਨਾ ਹੈ ਤਾਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਖ਼ਾਲਸ ਤੇ ਮਿਆਰੀ ਚੀਜ਼ਾਂ ਵੇਚਦਾ ਹੈ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਖ਼ੁਰਾਕ ਸੁਰੱਖਿਆ ਕਾਨੂੰਨ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾ ਰਿਹਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤੀ ਜਾ ਰਹੀ।
ਸੀਨੀਅਰ ਸਿਹਤ ਅਧਿਕਾਰੀ ਨੇ ਦੁਕਾਨਦਾਰਾਂ ਨੂੰ ਇਹ ਵੀ ਕਿਹਾ ਕਿ ਸਿਹਤ ਵਿਭਾਗ ਜਾਂ ਫ਼ੂਡ ਸੇਫ਼ਟੀ ਵਿੰਗ ਦੇ ਕਿਸੇ ਵੀ ਅਧਿਕਾਰੀ ਦੇ ਨਾਮ ’ਤੇ ਕਿਸੇ ਕਿਸਮ ਦੀ ਰਿਸ਼ਵਤ ਜਾਂ ਪੈਸੇ ਮੰਗੇ ਜਾਣ ’ਤੇ ਤੁਰੰਤ ਸਿਹਤ ਵਿਭਾਗ ਕੋਲ ਸ਼ਿਕਾਇਤ ਕੀਤੀ ਜਾਵੇ ਤਾਕਿ ਅਜਿਹੇ ਮਾੜੇ ਅਨਸਰਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਸਿਹਤ ਵਿਭਾਗ ਦੇ ਹੈਲਪਲਾੲਂੀਨ ਨੰਬਰ 104 ’ਤੇ ਕਿਸੇ ਵੀ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।

Latest News

Latest News

Leave a Reply

Your email address will not be published. Required fields are marked *