ਪੰਜਾਬ ਸਰਕਾਰ ਤੋਂ ਮੰਡੀਆਂ ਦੇ ਮਜ਼ਦੂਰਾਂ ਦੀ ਆਰਥਿਕ ਸਹਾਇਤਾ ਕਰਨ ਦੀ ਮੰਗ
ਚਮਕੌਰ ਸਾਹਿਬ/ ਮੋਰਿੰਡਾ ,17 ਅਕਤੂਬਰ ਭਟੋਆ
ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸਬੰਧਿਤ ਇਫਟੂ ਵਲੋਂ ਝੋਨੇ ਦੀ ਖਰੀਦ ਨਾ ਹੋਣ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ ਸੰਘਰਸ਼ਾਂ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ । ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਜੈਲਾ ਅਤੇ ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਹਰ ਵਿਅਕਤੀ ਦਾ ਸਮਾਜਿਕ ਜੀਵਨ ਆਰਥਿਕਤਾ ਤੇ ਟਿਕਿਆ ਹੋਇਆ ਹੈ। ਜਦੋਂ ਆਰਥਿਕਤਾ ਵਿੱਚ ਵਿਘਨ ਪੈ ਜਾਵੇ ਤਾਂ ਮਨੁੱਖ ਕੋਲ ਸੰਘਰਸ਼ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਮਿਹਨਤ ਨਾਲ ਪਾਲੀਆਂ ਫਸਲਾਂ ਸਾਮਰਾਜੀ ਨੀਤੀਆਂ ਕਾਰਨ ਮੰਡੀਆਂ ਵਿੱਚ ਰੁਲ ਰਹੀਆਂ ਹਨ ,ਜਿੱਥੇ ਅੱਜ ਕਿਸਾਨ ਖੱਜਲ ਖੁਆਰ ਹੁੰਦੇ ਹਨ , ਉੱਥੇ ਹੀ ਮੰਡੀਆਂ ਵਿੱਚ ਮਜ਼ਦੂਰ ਵੀ ਵਿਹਲੇ ਬੈਠੇ ਹਨ , ਜਿਸ ਕਾਰਨ ਉਕਤ ਮਜ਼ਦੂਰਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਮਹਿੰਗੇ ਵਿਆਜ ਤੇ ਕਰਜ਼ੇ ਲੈਣੇ ਪੈ ਰਹੇ ਹਨ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਵੀ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨਗੀਆਂ ਉੱਥੇ ਹੀ ਉਸਾਰੀ ਨਾਲ ਸੰਬੰਧਿਤ ਮਿਸਤਰੀ ਅਤੇ ਮਜ਼ਦੂਰਾਂ ਸਮੇਤ ਮੰਡੀਆਂ ਵਿੱਚ ਵੀ ਕੰਮ ਕਰਦੇ ਮਜ਼ਦੂਰ ਸ਼ਮੂਲੀਅਤ ਕਰਨਗੇ । ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਿੱਥੇ ਕਿਸਾਨਾਂ ਦੀ ਫਸਲ ਤੁਰੰਤ ਖਰੀਦ ਕੀਤੀ ਜਾਵੇ, ਉੱਥੇ ਹੀ ਮੰਡੀਆਂ ਵਿੱਚ ਮਿੱਟੀ ਘੱਟੇ ,ਗਰਦ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਮੁਫਤ ਡਾਕਟਰੀ ਸਹੂਲਤਾਂ, ਮਜ਼ਦੂਰਾਂ ਦੀ ਆਰਥਿਕ ਸਹਾਇਤਾ ਅਤੇ ਵਿਸ਼ੇਸ਼ ਮੈਡੀਕਲ ਟੀਮਾਂ ਅਤੇ ਮੁਫਤ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਅਜੈਬ ਸਿੰਘ, ਗੁਰਮੇਲ ਸਿੰਘ, ਸਤਿੰਦਰ ਸਿੰਘ ਨੀਟਾ, ਹਰਮੀਤ ਸਿੰਘ ,ਗੁਲਾਬ ਚੰਦ ਚੌਹਾਨ, ਬਲਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ, ਦਲਵੀਰ ਸਿੰਘ , ਮਲਾਗਰ ਸਿੰਘ, ਲਖਬੀਰ ਸਿੰਘ ਅਤੇੇ ਰਮੇਸ਼ ਕੁਮਾਰ ਆਦਿ ਹਾਜ਼ਰ ਸਨ।
Published on: ਅਕਤੂਬਰ 17, 2024 6:36 ਬਾਃ ਦੁਃ