ਨਵੀਂ ਦਿੱਲੀ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਵਿੱਚ ਲੱਖਾਂ ਲੋਕ ਆਪਣੇ ਘਰ ਤੋਂ ਦੂਰ ਰਹਿੰਦੇ ਹਨ, ਜੋ ਛੁੱਟੀਆਂ ਵਿੱਚ ਘਰ ਜਾਣ ਲਈ ਟ੍ਰੇਨ ਦਾ ਟਿਕਟ ਬੁੱਕ ਕਰਾਉਂਦੇ ਹਨ। ਹੁਣ ਰੇਲਵੇ ਨੇ ਬੂਕਿੰਗ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਰੇਲਵੇ ਨੇ 90 ਦਿਨ ਪਹਿਲਾਂ ਟਿਕਟ ਬੁੱਕ ਕਰਨ ਦੀ ਸੁਵਿਧਾ ਦਿੱਤੀ ਹੋਈ ਸੀ। ਹੁਣ ਟਿਕਟ ਬੁਕਿੰਗ ਦੀ ਮਿਆਦ ਨੂੰ ਘਟਾ ਕੇ 60 ਦਿਨ ਕਰ ਦਿੱਤਾ ਗਿਆ ਹੈ।
ਰੇਲਵੇ ਅਨੁਸਾਰ, ਭਾਰਤੀ ਰੇਲਵੇ ਨੇ ਟਿਕਟ ਬੁਕਿੰਗ ਦੀ ਮਿਆਦ ਘਟਾ ਦਿੱਤੀ ਹੈ, ਅਤੇ 1 ਨਵੰਬਰ, 2024 ਤੋਂ ਬਾਅਦ ਸਿਰਫ਼ 60 ਦਿਨ ਅੱਗੇ ਤੱਕ ਹੀ ਟ੍ਰੇਨ ਟਿਕਟਾਂ ਦੀ ਅਡਵਾਂਸ ਬੁਕਿੰਗ ਹੋ ਸਕੇਗੀ। ਇਸ ਵਿੱਚ ਯਾਤਰਾ ਵਾਲਾ ਦਿਨ ਵੀ ਸ਼ਾਮਲ ਹੋਵੇਗਾ।
ਰੇਲਵੇ ਦੇ ਮੁਤਾਬਕ, ਬਦਲੇ ਹੋਏ ਇਸ ਨਿਯਮ ਦਾ ਅਸਰ 31 ਅਕਤੂਬਰ, 2024 ਤੱਕ ਬੁਕ ਕੀਤੇ ਗਏ ਟਿਕਟਾਂ ‘ਤੇ ਨਹੀਂ ਪਵੇਗਾ, ਹਾਲਾਂਕਿ 60 ਦਿਨ ਦੀ ARP ਤੋਂ ਪਰੇ ਕੀਤੀ ਗਈ ਬੁਕਿੰਗ ਨੂੰ ਰੱਦ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਭਾਰਤੀ ਰੇਲ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਕੁਝ ਸਪੈਸ਼ਲ ਟ੍ਰੇਨਾਂ ਜਿਵੇਂ ਤਾਜ ਐਕਸਪ੍ਰੈੱਸ, ਗੋਮਤੀ ਐਕਸਪ੍ਰੈੱਸ ਆਦਿ ਦੇ ਮਾਮਲੇ ਵਿੱਚ ਨਿਯਮਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਿਦੇਸ਼ੀ ਸੈਲਾਨੀਆਂ ਲਈ 365 ਦਿਨ ਦੀ ਮਿਆਦ ‘ਤੇ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ।