ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ‘ਤੇ ਖ਼ਾਸ ਧਿਆਨ ਦੇਣ ਸਰਪੰਚ ਤੇ ਪੰਚ: ਕੁਲਵੰਤ ਸਿੰਘ
ਪੰਚਾਇਤੀ ਚੌਣਾਂ ਨੂੰ ਲੈ ਕੇ ਬਿਨ੍ਹਾਂ ਤੱਥਾਂ ਦੇ ਕੂੜ ਪ੍ਰਚਾਰ ਕਰ ਰਿਹੈ ਵਿਰੋਧੀ ਧਿਰ: ਕੁਲਵੰਤ ਸਿੰਘ
ਐਸ.ਏ.ਐਸ. ਨਗਰ, 17 ਅਕਤੂਬਰ : ਦੇਸ਼ ਕਲਿੱਕ ਬਿਓਰੋ
ਪੰਜਾਬ ਭਰ ‘ਚ 15 ਅਕਤੂਬਰ 2024 ਨੂੰ ਹੋਈਆਂ ਆਮ ਪੰਚਾਇਤੀ ਚੌਣਾਂ ‘ਚ ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ ਅਧੀਨ ਪੈਂਦੇ ਪਿੰਡਾਂ ਵਿਖੇ ਚੌਣਾਂ ਸ਼ਾਂਤੀਪੂਰਵਕ ਢੰਗ ਨਾਲ ਹੋਣ ਉਪਰੰਤ ਚੁਣੀਆਂ ਗਈਆਂ ਪੰਚਾਇਤਾਂ (ਸਰਪੰਚ ਅਤੇ ਪੰਚ) ਵੱਡੇ ਪੱਧਰ ‘ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਲਈ ਪਹੁੰਚ ਰਹੀਆਂ ਹਨ।
ਬੀਤੇ ਦਿਨ 16 ਅਕਤੂਬਰ ਨੂੰ 17 ਪਿੰਡਾਂ ਦੀਆਂ ਪੰਚਾਇਤਾਂ ਹਲਕਾ ਵਿਧਾਇਕ ਨੂੰ ਮਿਲਕੇ ਗਈਆਂ ਸਨ ਅਤੇ ਅੱਜ 18 ਪਿੰਡਾਂ ਕੰਡਾਲਾ, ਸਨੇਟਾ, ਲਖਨੌਰ, ਰਾਏਪੁਰ, ਬੱਲੋ ਮਾਜਰਾ, ਬੜਮਾਜਰਾ, ਤੰਗੌਰੀ, ਕੰਬਾਲਾ, ਗਰੀਨ ਇੰਨਕਲੇਵ, ਚੱਪੜਦਚੜੀ ਖੁਰਦ, ਭਾਗੋਮਾਜਰਾ, ਮਾਣਕਪੁਰ ਕੱਲਰ, ਸਫੀਪੁਰ, ਚਾਚੂ ਮਾਜਰਾ, ਧੁਰਾਲੀ, ਨਾਨੂੰ ਮਾਜਰਾ, ਸੇਖਣ ਮਾਜਰਾ ਅਤੇ ਮੌਜਪੁਰ ਦੇ ਲੋਕਾਂ ਵੱਲੋਂ ਚੁਣੀਆਂ ਪੰਚਾਇਤਾਂ ਦੇ ਸਰਪੰਚ ਅਤੇ ਪੰਚ ਹਲਕਾ ਵਿਧਾਇਕ ਨੂੰ ਮਿਲੇ ਅਤੇ ਚੌਣਾਂ ਅਮਨ ਸ਼ਾਂਤੀ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਕਰਵਾਉਣ ਲਈ ਸਰਕਾਰ ਖਾਸ ਕਰਕੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਨੇ ਦੱਸਿਆ ਕਿ ਹਲਕਾ ਐਸ.ਏ.ਐਸ. ਨਗਰ ਅਧੀਨ ਪੈਂਦੇ 73 ਪਿੰਡਾਂ ‘ਚੋਂ 70 ਪਿੰਡਾਂ ‘ਚ ਚੋਣ ਹੋਈ। ਜਿਸ ‘ਚੋਂ 11 ਪੰਚਾਇਤਾਂ ਸਰਬਸੰਮਤੀ ਨਾਲ, 4 ਪਿੰਡਾਂ ‘ਚ ਸਰਪੰਚ ਸਰਬਸੰਮਤੀ ਨਾਲ ਅਤੇ 471 ਪੰਚਾਂ ‘ਚੋਂ 191 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ, ਜੋ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ‘ਚ ਪੰਚ ਅਤੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਸਰਬਸੰਮਤੀ ਅਤੇ ਵੋਟਾਂ ਰਾਹੀਂ ਚੁਣੀਆਂ 70 ਪੰਚਾਇਤਾਂ ‘ਚੋਂ 63 ਪੰਚਾਇਤਾਂ ਅਜਿਹੀਆਂ ਹਨ ਜੋ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਅਤੇ ਨੀਤੀਆਂ ਦੀ ਲੀਹ ‘ਤੇ ਚੱਲਦੀਆਂ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਜਿੱਤੇ ਹੋਏ ਉਮੀਦਵਾਰਾਂ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਨੂੰ ਪਿੰਡਾਂ ‘ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਮੂਹ ਵੋਟਰਾਂ ਅਤੇ ਆਮ ਨਾਗਰਿਕਾਂ ਦਾ ਵੀ ਧੰਨਵਾਦ ਕੀਤਾ। ਸ. ਕੁਲਵੰਤ ਸਿੰਘ ਨੇ ਚੌਣ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਦੇ ਦਫਤਰ ਪੁੱਜੇ ਵੱਡੀ ਗਿਣਤੀ ਸਰਪੰਚਾਂ ਅਤੇ ਪੰਚਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਸਰਪੰਚ ਕਿਸੇ ਇੱਕ ਪਾਰਟੀ ਦਾ ਨਹੀ ਹੁੰਦਾ ਸਗੋਂ ਉਹ ਪੂਰੇ ਪਿੰਡ ਦਾ ਸਰਪੰਚ ਹੁੰਦਾ ਹੈ। ਇਸ ਲਈ ਪਿੰਡ ਦਾ ਵਿਕਾਸ ਬਿਨ੍ਹਾਂ ਕਿਸੇ ਭੇਦ—ਭਾਵ ਦੇ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਕੀਤਾ ਜਾਵੇ ਅਤੇ ਪੈਸੇ ਦੀ ਵਰਤੋਂ ਉਨ੍ਹਾਂ ਕੰਮਾਂ ‘ਤੇ ਹੀ ਕੀਤੀ ਜਾਵੇ ਜੋ ਲੋਕ ਹਿੱਤ ‘ਚ ਕਰਨੇ ਜਰੂਰੀ ਹਨ ਤਾਂ ਜੋ ਵਿਕਾਸ ਦੇ ਨਾਲ—ਨਾਲ ਆਪਸੀ ਭਾਈਚਾਰਾ ਵੀ ਮਜਬੂਤ ਹੋਵੇ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵੱਲ ਧਿਆਨ ਦਿੱਤਾ ਜਾਵੇ।
ਉਨ੍ਹਾਂ ਵੱਲੋਂ ਵਿਰੋਧੀਆਂ ਵੱਲੋਂ ਚੌਣਾਂ ‘ਚ ਗੜਬੜੀ ਕਰਨ ਦੇ ਦੋਸ਼ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਰੋਧੀ ਧਿਰਾਂ ਬੁਖਲਾਹਟ ‘ਚ ਆ ਕੇ ਅਤੇ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਆਪਣੀ ਆਦਤ ਅਨੁਸਾਰ ਬਿਨ੍ਹਾਂ ਤੱਥਾਂ ਦੇ ਕੂੜ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਜਦਕਿ ਲੋਕ ਭਲੀਭਾਂਤ ਜਾਣਦੇ ਹਨ ਕਿ ਚੌਣਾਂ ਬੜੇ ਹੀ ਅਮਨ ਸ਼ਾਂਤੀ ਅਤੇ ਲੋਕਤੰਤਰ ਦੀ ਰੂਹ ਅਨੁਸਾਰ ਮੁਕਾਬਲਾ ਕਰਕੇ ਹੋਈਆਂ ਹਨ ਅਤੇ ਜਿਹੜੇ ਉਮੀਦਵਾਰਾਂ ਨੂੰ ਚੌਣਾਂ ‘ਚ ਵੱਧ ਵੋਟਾਂ ਪਈਆਂ ਉਹ ਹੀ ਚੁਣੇ ਗਏ ਹਨ।
ਸ. ਕੁਲਵੰਤ ਸਿੰਘ ਨੇ ਨਵੀਆਂ ਚੁਣੀਆਂ ਨੂੰ ਇਹ ਭਰੋਸਾ ਦਿੱਤਾ ਕਿ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੌਜੂਦਾ ਸਮੇਂ ‘ਚ ਚੱਲ ਰਹੇ ਕਾਰਜਾਂ ਨੂੰ ਮਿਥੇ ਸਮੇਂ ‘ਚ ਮੁਕੰਮਲ ਕੀਤਾ ਜਾਵੇਗਾ ਅਤੇ ਨਵੇਂ ਕੰਮਾਂ ਦੇ ਐਸਟੀਮੇਟ ਤਿਆਰ ਕਰਕੇ ਲੋੜੀਂਦੇ ਫੰਡ ਜੁਟਾਉਣ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।
ਇਸ ਦੌਰਾਨ ਤੇ ਸ. ਸਰਬਜੀਤ ਸਿੰਘ ਮਿਉਂਸੀਪਲ ਕੌਂਸਲਰ, ਸ. ਕੁਲਦੀਪ ਸਿੰਘ ਸਮਾਣਾਂ, ਡਾ. ਐਸ.ਐਸ. ਭੰਵਰਾ, ਸ. ਪਰਮਜੀਤ ਸਿੰਘ, ਡਾ. ਕੁਲਦੀਪ ਸਿੰਘ, ਸ. ਜਸਪਾਲ ਸਿੰਘ, ਸ. ਹਰਪਾਲ ਸਿੰਘ ਚੰਨਾ, ਸ. ਹਰਮੇਸ਼ ਸਿੰਘ ਕੁੰਬੜਾ, ਸ. ਸੁਖਮਿੰਦਰ ਸਿੰਘ ਬਰਨਾਲਾ, ਸ. ਅਕਬਿੰਦਰ ਸਿੰਘ ਗੋਸਲ, ਸ. ਅਵਤਾਰ ਸਿੰਘ ਮੌਲੀ ਬੈਦਵਾਣ, ਸ. ਆਰ.ਪੀ. ਸ਼ਰਮਾ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਹਾਜਰ ਸਨ।