ਸੋਸ਼ਲ ਮੀਡੀਆ ਨੇ ਪੂਰੀ ਦੁਨੀਆਂ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਹਰ ਕੋਈ ਆਪੋ ਆਪਣੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਲੋਕਾਂ ਨਾਲ ਨਿੱਕੀ ਨਿੱਕੀ ਗੱਲ, ਆਪਣੀਆਂ ਭਾਵਨਾਵਾਂ ਆਦਿ ਸਾਂਝੀਆਂ ਕਰਦੇ ਹਨ। ਲੋਕਾਂ ਦੀਆਂ ਸੋਸ਼ਲ ਮੀਡੀਆ ਦੇ ਨਾਲ ਮੁਹੱਬਤ ਕੋਈ ਲੁੱਕੀ ਹੋਈ ਗੱਲ ਨਹੀਂ ਹੈ। ਖਾਸ ਕਰਕੇ ਫੇਸਬੁੱਕ, ਇੰਸਟਾ ਜਾਂ ਹੋਰ ਦੀ ਗੱਲ ਕਰੀਏ ਤਾਂ ਹਰੇਕ ਲਈ ਇਹ ਸਿਰਫ਼ ਇੱਕ ਐਪ ਨਹੀਂ, ਬਲਕਿ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ। ਸਾਡੇ ਸਟੇਟਸ, ਫੋਟੋਜ਼, ਕੁਮੈਂਟਸ ਤੇ ਲਾਈਕਜ਼ ਤੋਂ ਲੈ ਕੇ, ਹਰ ਚੀਜ਼ ਜਿੰਦਗੀ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਚੁਣੌਤੀ ਬਣੀ ਹੁੰਦੀ ਹੈ। ਇਸ ਵਿੱਚ ਸਭ ਤੋਂ ਵੱਡਾ ਚੈਲੰਜ ਹੁੰਦਾ ਹੈ ਸੋਸ਼ਲ ਮੀਡੀਆ ਉਤੇ ਪਾਈ ਪੋਸਟ ਉਤੇ ਲਾਇਕ ਨਾ ਆਉਣਾ।
ਇਹ ਵੀ ਪੜ੍ਹੋ : ਆਨਲਾਈਨ ਠੱਗੀ ਤੋਂ ਕਿਵੇਂ ਬਚਿਆ ਜਾਵੇ, 10 ਮਹੱਤਵਪੂਰਨ ਗੱਲਾਂ
ਜਿਹੜਾ ਸੋਸ਼ਲ ਮੀਡੀਆ ਉਤੇ ਆਪਣੀ ਪੋਸਟ ‘ਤੇ 200-400 ਲਾਈਕ ਨਹੀਂ ਲੈ ਸਕਦਾ, ਉਸਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਦੋਸਤਾਂ ਦੀਆਂ ਪੋਸਟਾਂ ‘ਤੇ ਜਦੋਂ 250-300 ਲਾਈਕ ਹੋਣ, ਉਹ ਤਾਂ ਸਿੱਧੀ ਜੰਗ ਦਾ ਐਲਾਨ ਹੁੰਦਾ ਹੈ। ਕਿੰਨੇ ਲਾਈਕ ਆਏ? ਚੈਕ ਕਰੀ ਜਾ, ਸਾਡੇ ਤੋਂ ਜਿਆਦਾ ਹੋਣ ਤਾਂ ਅੱਗੇ ਸਟੇਟਸ ਪਾਉਣਾ ਪਵੇਗਾ! ਇਹ ਗੱਲ ਸਿਰਫ਼ ਸ਼ਾਨ ਦੀ ਨਹੀਂ, ਸਾਡੀ ਆਤਮਾ ਦੀ ਇਜ਼ਤ ਦੀ ਵੀ ਹੁੰਦੀ ਹੈ।
ਫੋਟੋ ਪਾਉਣ ਤੋਂ ਬਾਅਦ ਪਹਿਲਾ ਕੰਮ ਹੁੰਦਾ ਹੈ ਲਾਈਕਜ਼ ਦੀ ਗਿਣਤੀ ਕਰਨੀ। ਜੇ 200 ਦੇ ਪਾਸ ਨਜ਼ਦੀਕ ਲੱਗਣ ਤਾਂ ਆਰਾਮ ਆਉਂਦਾ ਹੈ, ਪਰ ਜੇ 100 ਤੋਂ ਵੀ ਘੱਟ ਲਾਈਕ ਆਏ, ਤਾਂ ਫਿਰ ਟੈਂਸ਼ਨ ਸ਼ੁਰੂ ਹੋ ਜਾਂਦੀ ਹੈ। “ਲੋਕਾਂ ਨੂੰ ਕੀ ਹੋ ਗਿਆ? ਫੋਟੋ ਤਾਂ ਵਧੀਆ ਸੀ, ਫਿਰ ਕਿੰਨੂੰ ਲਾਈਕ ਨਹੀਂ ਆ ਰਹੇ?” ਇਹ ਸਵਾਲ ਇੱਕ ਸਾਈਕਲ ਵਾਂਗ ਦਿਮਾਗ ‘ਚ ਚੱਲਦਾ ਰਹਿੰਦਾ ਹੈ।
ਫਿਰ ਸ਼ੁਰੂ ਹੁੰਦੀ ਹੈ ਦੂਸਰੀ ਫੇਜ਼ ਦੀ ਜੰਗ “ਲਾਈਕ ਵਧਾਉਣ ਲਈ ਮਿਹਨਤ”। ਹਾਲਾਂਕਿ, ਹਰ ਕੋਈ ਆਪਣੀਆਂ ਵਧੀਆਂ ਤਸਵੀਰਾਂ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਲਾਈਕ ਨਹੀਂ ਆਉਂਦੇ, ਤਾਂ ਦੋਸਤਾਂ ਨੂੰ ਟੈਗ ਕਰਨਾ, ਹਾਰਟ ਵਾਲੇ ਕਮੈਂਟ ਕਰਨ ਲਈ ਕਹਿਣਾ, ਜਾਂ ਫੇਸਬੁੱਕ ਮੈਸੇਜਾਂ ‘ਚ ਅਨੌਂਸ ਕਰਨਾ ਪੈਂਦਾ ਹੈ।
ਕਹਿਣ ਉਤੇ ਵੀ ਜਦੋਂ ਸੋਸ਼ਲ ਮੀਡੀਆ ਉਤੇ ਦੋਸਤ ਲਾਇਕ ਨਾ ਕਰਨ ਤਾਂ ਦੁਸ਼ਮਣ ਵਰਗੇ ਲਗਦੇ ਨੇ, ਫਿਰ ਉਸ ਦਾ ਬਦਲਾ ਲੈਣ ਲਈ ਸੋਚਿਆ ਜਾਂਦਾ ਕੋਈ ਨੀ ਮੈਂ ਵੀ ਇਸਦੀ ਪੋਸਟ ਉਤੇ ਲਾਇਕ ਨਹੀਂ ਕਰਾਂਗਾ।
ਕੁਲਵੰਤ ਕੋਟਲੀ
Published on: ਅਕਤੂਬਰ 17, 2024 6:37 ਬਾਃ ਦੁਃ