ਸੱਤਾ ਦੀ ਕੁਰਸੀ ਉਤੇ ਬੈਠੇ ਲੋਕ ਕੁਰਸੀ ਉਤੇ ਅਰਾਮ ਫਰਮਾ ਰਹੇ ਸਨ। ਇਹ ਆਨੰਦ ਲੈ ਰਹੇ ਸਨ ਕਿ ਲੋਕ ਸੁੱਤੇ ਹੋਏ ਹਨ ਆਪਾਂ ਨੂੰ ਕਿਸੇ ਚੀਜ ਦਾ ਡਰ ਨਹੀਂ ਹੈ, ਜੇਕਰ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਤਾਂ ਕੋਈ ਛੋਟੀ ਮੋਟੀ ਲਾਰੇ ਲੱਪੇ ਵਾਲੀ ਲੋਰੀ ਸੁਣਾ ਮੁੜ ਸਵਾ ਦੇਵਾਂਗੇ। ਅਜੇ ਆਪਣੇ ਵਿੱਚ ਜਸ਼ਨ ਮਨਾਉਣ ਦੀ ਤਿਆਰੀ ਹੀ ਕਰ ਰਹੇ ਸਨ ਤਾਂ ਬਾਹਰੋ ਸਪੀਕਰ ਦੀ ਆਵਾਜ਼ ਸੁਣਾਈ ਦਿੱਤੀ। ਉਚੀ ਉਚੀ ਨਾਅਰੇ ਲੱਗ ਰਹੇ ਸਨ.. ਸਾਡੀਆਂ ਮੰਗਾਂ ਪੂਰੀਆਂ ਕਰੋ.. ਸਾਡੀਆਂ ਮੰਗਾਂ ਪੂਰੀਆਂ ਕਰੋ..
ਇਹ ਸੁਣਦਿਆਂ ਹੀ ਨੇਤਾ ਜੀ ਡਿਸਟਰਬ ਹੋ ਗਏ। ਆਪਣੇ ਅਫਸਰਾਂ ਨੂੰ ਹੁਕਮ ਚਾੜਿਆ ਪਤਾ ਕਰੋ ਇਹ ਕੌਣ ਹਨ… ਸਾਨੂੰ ਪ੍ਰੇਸ਼ਾਨ ਕਰ ਰਹੇ ਹਨ…
ਏਸੀ ਵਿਚੋਂ ਤਪਦੀ ਧੁੱਪ ਵਿੱਚ ਅਫਸਰ ਬਾਹਰ ਆਏ… ਪੁੱਛਿਆ ਤੁਸੀਂ ਕੌਣ… ਕਿਵੇਂ ਆਏ…
ਅੱਗੋ ਸੰਘਰਸ਼ਕਾਰੀਆਂ ਨੇ ਜਵਾਬ ਦਿੱਤਾ ਜੀ ਅਸੀਂ ਆਂਗਣਵਾੜੀ ਕੇਂਦਰਾਂ ਵਿੱਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ… ਅਸੀਂ ਬੱਚਿਆਂ ਦਾ ਭਵਿੱਖ ਸਵਾਰਦੀਆਂ ਹਾਂ… ਬੱਚਿਆਂ ਦੀ ਸਮੇਂ ਸਮੇਂ ਜਾਂਚ ਕਰਦੀਆਂ ਹਾਂ… ਗਰਭਵਤੀ ਮਾਵਾਂ ਦਾ ਵੀ ਪੂਰਾ ਰਿਕਾਰਡ ਰੱਖਦੀਆਂ ਹਾਂ ਘਰ ਘਰ ਜਾ ਕੇ
ਅੱਗੋ ਅਫਸਰ ਨੇ ਕਿਹਾ ਉਹ ਬਹੁਤ ਵਧੀਆ… ਗੁਡ ਜੋਬ
ਇਕ ਆਂਗਣਵਾੜੀ ਵਰਕਰ ਨੇ ਆਪਣੀ ਗੱਲ ਰੱਖੀ… “ਸਾਨੂੰ ਸਿਰਫ ਥੋੜ੍ਹਾ ਜਿਹਾ ਵੇਤਨ ਵਾਧਾ ਚਾਹੀਦਾ ਹੈ! ਸਾਨੂੰ ਪੱਕਾ ਕੰਮ ਚਾਹੀਦਾ” ਬਾਕੀ ਨੇ ਉਚੀ ਆਵਾਜ਼ ਨਾਲ ਹਾਂ ’ਚ ਹਾਂ ਮਿਲਾਈ।
ਅਧਿਕਾਰੀ ਬੋਲਿਆ “ਬਹੁਤ ਵਧੀਆ! ਤੁਸੀਂ ਸੱਚਮੁੱਚ ਕਮਾਲ ਦਾ ਕੰਮ ਕਰ ਰਹੇ ਹੋ,” ਉਸਨੇ ਸਹਿਮਤ ਹੋ ਕੇ ਕਿਹਾ। “ਪਰ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਭ ਕੁਝ ਠੀਕ ਚੱਲ ਰਿਹਾ ਹੈ। ਤੁਸੀਂ ਹੌਸਲਾ ਰੱਖੋ!”
ਆਂਗਣਵਾੜੀ ਵਰਕਰ ਨੇ ਕਿਹਾ “ਸਾਨੂੰ ਸਿਰਫ ਹੌਸਲਾ ਨਹੀਂ ਚਾਹੀਦਾ! ਸਾਨੂੰ ਸਨਮਾਨ, ਹੱਕ, ਤੇ ਸਰਕਾਰੀ ਮੁਲਾਜ਼ਮ ਦਾ ਦਰਜਾ ਚਾਹੀਦਾ ਹੈ!” ਉਹ ਉਸਨੂੰ ਐਨਾ ਗੁੱਸੇ ਵਿੱਚ ਸੁਣਾਈ ਦੇ ਰਹੀ ਸੀ, ਜਿਵੇਂ ਉਹ ਕਿਸੇ ਸਿਆਸੀ ਮਾਹਿਰ ਨਾਲ ਮੁਕਾਬਲਾ ਕਰ ਰਹੀ ਹੋਵੇ।
ਸਰਕਾਰੀ ਅਧਿਕਾਰੀ ਨੇ ਆਪਣੀ ਮਿੱਠੀ ਹਾਸੇ ਵਾਲੀ ਮਸਕਾਨ ਨੂੰ ਸਾਫ ਕੀਤਾ ਅਤੇ ਕਿਹਾ, “ਤੁਸੀਂ ਸਮਝ ਰਹੇ ਹੋ ਕਿ ਸਿਆਸਤ ‘ਚ ਮਾਣ ਲੈਣ ਦਾ ਸਿਰਫ਼ ਇੱਕ ਹੀ ਤਰੀਕਾ ਹੈ, ਮਾਤਰ ਬੋਲਣਾ!
ਸਰਕਾਰੀ ਅਧਿਕਾਰੀ ਨੇ ਅਸਮਾਨ ਵਿੱਚ ਆਪਣੀ ਨਜ਼ਰ ਦੋੜਾਈ, ਜਿਵੇਂ ਉਹ ਕੁਝ ਸੋਚ ਰਿਹਾ ਹੋਵੇ। ਕਿਹਾ “ਬਹੁਤ ਠੀਕ ਹੈ,” “ਜੇ ਤੁਸੀਂ ਸਾਡੇ ਪਾਸ ਆਕੇ ਮੰਗ ਕਰ ਰਹੇ ਹੋ, ਤਾਂ ਸਾਨੂੰ ਤੁਹਾਨੂੰ ਬਿਲਕੁਲ ਸੁਣਨਾ ਪਵੇਗਾ।
ਸਰਕਾਰੀ ਅਧਿਕਾਰੀ ਨੇ ਹੱਸਦੇ ਹੋਏ ਕਿਹਾ “ਸਿਆਸਤ ‘ਚ ਸਭ ਕੁਝ ਹੋ ਰਿਹਾ ਹੈ… ਤੁਹਾਡਾ ਵੀ ਸਰਕਾਰ ਨੂੰ ਬਹੁਤ ਫਿਕਰ ਹੈ… ਛੇਤੀ ਤੁਹਾਡੀ ਗੱਲ ਸੁਣੀ ਜਾਵੇਗੀ। ਤੁਹਾਡੀ ਹਰ ਮੰਗ ਜਾਇਜ਼ ਹੈ ਛੇਤੀ ਹੀ ਮੰਨੀਆਂ ਜਾਣਗੀਆਂ.. . ਬਸ ਮੰਤਰੀ ਨੂੰ ਨੂੰ ਸਮਾਂ ਹੀ ਨਹੀਂ ਮਿਲਿਆ… । ਤੁਹਾਡੀ ਛੇਤੀ ਹੀ ਮੀਟਿੰਗ ਤੈਅ ਕਰਵਾ ਦਿੱਤੀ ਜਾਵੇਗੀ…..।
ਸਾਰੀਆਂ ਸ਼ੰਘਰਸ਼ਕਾਰੀ ਮੁੜ ਇਕ ਦੂਜੇ ਦੇ ਚਿਹਰੇ ਵੱਲ ਝਾਕੀਆਂ ਇਹ ਸਰਕਾਰ ਹੁੰਦਿਆਂ ਹੁੰਦਿਆਂ ਕਿੰਨੇ ਅਫਸਰ ਬਦਲ ਗਏ… ਪਰ ਜਵਾਬ ਇਕ ਹੀ ਦਿੰਦੇ ਨੇ ਜਿਵੇਂ ਸਕੂਲ ਵਾਲੇ ਬੱਚਿਆਂ ਨੂੰ ਰੱਟਾ ਲਗਵਾ ਕੇ ਪਹਾੜੇ ਯਾਦ ਕਰਵਾਏ ਜਾਂਦੇ ਨੇ… ਉਹ ਮੰਗਾਂ ਛੇਤੀ ਮੰਨੀਆਂ ਜਾਣਗੀਆਂ।
ਗੁਰਜੀਤ, ਆਂਗਣਵਾੜੀ ਵਰਕਰ