ਕੁਲਵੰਤ ਕੋਟਲੀ
ਝੋਨੇ ਤੇ ਕਣਕ ਦੀ ਕਟਾਈ ਦਾ ਸਮਾਂ ਆਉਦਿਆਂ ਹੀ ਸਭ ਤੋਂ ਵੱਡਾ ਮੁੱਦਾ ਬਣ ਜਾਂਦਾ ਖੇਤਾਂ ਵਿੱਚ ਅੱਗ ਲਗਾਉਣ ਦਾ ਮਸਲਾ। ਧੂੰਆਂ ਪ੍ਰਦੂਸ਼ਣ ਦੇ ਮਾਮਲੇ ਵਿੱਚ, ਸਾਰਾ ਦੋਸ਼ ਸਿਰਫ ਕਿਸਾਨਾਂ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ। ਜਿਵੇਂ ਕਿਸਾਨਾਂ ਨੇ ਹਵਾ ‘ਚ ਧੂੰਏ ਨੂੰ ਕਿਸੇ ਲੈਬ ਵਿੱਚ ਬਣਾ ਕੇ ਛੱਡਿਆ ਹੋਵੇ। ਜਦੋਂ ਧੂੰਆਂ ਮੰਡੀ ਵਿੱਚ ਆਉਂਦਾ ਹੈ ਤਾਂ ਸਿਆਸਤਦਾਨ ਤੇ ਅਫਸਰਸ਼ਾਹੀ ਆਪਣੀਆਂ ਕੁਰਸੀਆਂ ਬੈਠੀ ਕਹਿੰਦੀ ਹੈ, “ਇਹ ਤਾਂ ਸਿਰਫ ਕਿਸਾਨਾਂ ਦਾ ਕੰਮ ਹੈ!”
ਹੁਣ ਗੱਲ ਇਹ ਹੈ ਕਿ ਹਰ ਸਾਲ ਦਸੰਬਰ ਜਾਂ ਜਨਵਰੀ ‘ਚ ਜਦੋਂ ਹਵਾ ਧੂੰਏ ਨਾਲ ਘੁੱਟੀ ਜਾ ਰਹੀ ਹੁੰਦੀ ਹੈ, ਰਾਜਨੀਤਿਕ ਮੰਚਾਂ ‘ਤੇ ਹਰੇਕ ਕੋਈ ਇਹ ਦੋਹਰਾ ਰਿਹਾ ਹੁੰਦਾ ਹੈ, “ਕਿਸਾਨਾਂ ਨੇ ਧੂੰਆ ਪੈਦਾ ਕੀਤਾ।” ਜਿਵੇਂ ਕਿਸਾਨਾਂ ਨੇ ਸਵੇਰੇ ਉੱਠ ਕੇ ਕਿਹਾ ਹੋਵੇ, “ਆਓ, ਅੱਜ ਧਰਤੀ ਮਾਂ ਨੂੰ ਕੁਝ ਧੂੰਆ ਬਖ਼ਸ਼ੀਏ!”
ਪਰ ਕੀ ਇਹ ਸਿਰਫ ਕਿਸਾਨ ਹਨ ਜੋ ਸਾਰੇ ਮਾਹੌਲ ਨੂੰ ਖਰਾਬ ਕਰ ਰਹੇ ਹਨ? ਕਿਸੇ ਨੇ ਗੱਡੀਆਂ ਵਿੱਚੋਂ ਨਿਕਲਣ ਵਾਲੇ ਧੂੰਏ ਨੂੰ ਨਹੀਂ ਦੇਖਿਆ? ਵਹੀਕਲਾਂ ਦਾ ਉਹ ਲੰਮਾ ਕਾਫਿਲਾ, ਜੋ ਹਰ ਰੋਜ਼ ਸੜਕਾਂ ‘ਤੇ ਨਜ਼ਰ ਆਉਂਦਾ ਹੈ, ਜਿਵੇਂ ਸਾਰੇ ਟਰੈਫਿਕ ਨੂੰ ਧੂੰਏ ਦੀਆਂ ਚਾਦਰਾਂ ‘ਚ ਲਪੇਟਿਆ ਹੋਇਆ ਹੋਵੇ। ਪਰ ਨਹੀਂ! ਇਹ ਧੂੰਆ ਤਾਂ ਸਿਆਸਤਦਾਨਾਂ ਦੀਆਂ ਗੱਲਾਂ ‘ਚੋਂ ਕਦੇ ਨਿਕਲਦਾ ਨਹੀਂ। ਬੱਸ ਕਿਸਾਨੀ ਧੂੰਏ ਤੋਂ ਹੀ ਸਮੱਸਿਆ ਪੈਦਾ ਹੁੰਦੀ ਹੈ। ਜਿਵੇਂ ਵਹੀਕਲਾਂ ‘ਚੋਂ ਨਿਕਲਣ ਵਾਲਾ ਧੂੰਆ ਤਾਂ ਕਿਸੇ ਵਿਦੇਸ਼ੀ ਫਰਿਸ਼ਤੇ ਨੇ ਭੇਜਿਆ ਹੋਵੇ ਅਤੇ ਉਹ ਸਾਫ-ਸੁਥਰਾ ਧੂੰਆ ਕਹਿੰਦਾ ਹੋਵੇ, “ਮੈਂ ਪ੍ਰਦੂਸ਼ਣ ਨਹੀਂ ਕਰਦਾ, ਮੈਂ ਤਾਂ ਕਿਸੇ ਨੂੰ ਦਿਖਾਈ ਵੀ ਨਹੀਂ ਦਿੰਦਾ!”
ਫਿਰ ਆਉਂਦੇ ਹਨ ਫੈਕਟਰੀਆਂ ਦੇ ਮਾਲਕ, ਜਿਨ੍ਹਾਂ ਦੀਆਂ ਫੈਕਟਰੀਆਂ ਤੋਂ ਸਵੇਰ ਦੇ 5 ਵਜੇ ਨਿਕਲਣ ਵਾਲੇ ਕਾਲੇ ਬੱਦਲ ਸਵੇਰ ਦੀ ਧੁੰਦ ਜਾਪਦੇ ਹਨ। ਇਹ ਮਾਲਕ ਬਾਹਰ ਆ ਕੇ ਕਹਿੰਦੇ ਹਨ, “ਮਿੱਤਰਾ, ਸਾਡੀਆਂ ਫੈਕਟਰੀਆਂ ਤਾਂ ਰੋਜ਼ੀ-ਰੋਟੀ ਦੇ ਰਸਤੇ ਚਲਾ ਰਹੀਆਂ ਹਨ। ਅਸੀਂ ਤਾਂ ਕੇਵਲ ਵਿਕਾਸ ਕਰ ਰਹੇ ਹਾਂ!” ਅੱਜ ਫੈਕਟਰੀਆਂ ਤੋਂ ਨਿਕਲਣ ਵਾਲਾ ਧੂੰਆ ਵੀ ‘ਵਿਕਾਸ’ ਦੀ ਨਵੀਂ ਪਰਿਭਾਸ਼ਾ ਬਣ ਗਈ ਹੈ। ਫਿਰ ਲੋਕ ਕਹਿੰਦੇ ਹਨ, “ਵਾਹ, ਕਿਹੜਾ ਕਮਾਲ ਦਾ ਵਿਕਾਸ ਹੈ ਜੋ ਸਾਡੀਆਂ ਅੱਖਾਂ ਨੂੰ ਦਿਖਾਈ ਨਹੀਂ ਦਿੰਦਾ, ਸਾਡੇ ਫੇਫੜਿਆਂ ਨੂੰ ਵੀ ਛੂਹ ਕੇ ਜਾ ਰਿਹਾ ਹੈ।”
ਸਿਆਸਤ ਵੀ ਇਸ ਧੂੰਏ ਦੀਆਂ ਲੇਅਰਾਂ ਵਾਂਗ ਇੱਕ ਹੋਰ ਪਰਤ ਹੈ। ਜਦੋਂ ਸਿਆਸਤਦਾਨ ਧੂੰਏ ਬਾਰੇ ਗੱਲ ਕਰਦੇ ਹਨ, ਉਹ ਕਹਿੰਦੇ ਹਨ, “ਅਸੀਂ ਧੂੰਏ ਦੇ ਮੁੱਦੇ ਨੂੰ ਹੱਲ ਕਰਾਂਗੇ, ਸਿਰਫ ਕਿਸਾਨਾਂ ਨੂੰ ਸਿੱਧੇ ਰਸਤੇ ‘ਤੇ ਲਿਆਉਣਾ ਹੈ।” ਜਿਵੇਂ ਧੂੰਏ ਦਾ ਸਾਰਾ ਜ਼ਿੰਮੇਵਾਰ ਕਿਸਾਨਾਂ ਦੇ ਹੱਥ ਹੈ। ਕਿਸੇ ਨੇ ਇਹ ਨਹੀਂ ਸੋਚਿਆ ਕਿ ਸ਼ਹਿਰਾਂ ਵਿੱਚ ਹਜ਼ਾਰਾਂ ਵਹੀਕਲ ਹਰ ਰੋਜ਼ ਜ਼ਹਿਰ ਛੱਡ ਰਹੇ ਹਨ ਜਾਂ ਫੈਕਟਰੀਆਂ ਹਰ ਸਵੇਰੇ ਜਦੋਂ ਚਾਲੂ ਹੁੰਦੀਆਂ ਹਨ ਤਾਂ ਹਵਾ ਵਿੱਚ ਇੱਕ ਹੋਰ ਤਬਾਹੀ ਨੂੰ ਜਨਮ ਦਿੰਦੇ ਹਨ।
ਪਰ ਹਕੀਕਤ ਵਿੱਚ ਉਹਨਾਂ ਦੇ ਅਸਲੀ ਹੱਲ ਕਦੇ ਸਾਹਮਣੇ ਨਹੀਂ ਆਉਂਦੇ। ਲੋਕ ਹਰੇਕ ਵਾਰ ਵਾਅਦਿਆਂ ਦੀਆਂ ਧੂੰਦਲੀਆਂ ਗੱਲਾਂ ਵਿੱਚ ਫਸੇ ਰਹਿੰਦੇ ਹਨ। ਹਰੇਕ ਚੋਣਾਂ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਧੂੰਆ ਮੁਕਤ ਸ਼ਹਿਰ ਬਣਾਇਆ ਜਾਵੇਗਾ। ਪਰ ਚੋਣਾਂ ਦੇ ਬਾਅਦ, ਸਿਰਫ ਜ਼ਿਆਦਾ ਧੂੰਆ, ਫੈਲੇ ਹੋਏ ਪ੍ਰਦੂਸ਼ਣ ਅਤੇ ਖਾਲੀ ਵਾਅਦਿਆਂ ਦਾ ਬਦਲ ਹੀ ਨਜ਼ਰ ਆਉਂਦਾ ਹੈ।
ਇਸ ਧੂੰਏ ਦੇ ਸਿਆਸੀ ਨਾਟਕ ਵਿਚ, ਕਿਸਾਨਾਂ ਨੂੰ ਵਿਲਨ ਬਣਾਇਆ ਜਾਂਦਾ ਹੈ, ਜਿਵੇਂ ਉਹ ਸਾਰੇ ਪ੍ਰਦੂਸ਼ਣ ਦੇ ਜ਼ਿੰਮੇਵਾਰ ਹਨ। ਪਰ ਹਕੀਕਤ ਇਹ ਹੈ ਕਿ ਸਾਰਾ ਸਿਸਟਮ ਹੀ ਇਸ ਧੂੰਏ ਦਾ ਸਿਰਜਣਹਾਰ ਹੈ।
Published on: ਅਕਤੂਬਰ 18, 2024 3:26 ਬਾਃ ਦੁਃ