ਦਲਜੀਤ ਕੌਰ
ਭਵਾਨੀਗੜ੍ਹ, 19 ਅਕਤੂਬਰ, 2024: ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਆਲ ਦੀ ਅਗਵਾਈ ਹੇਠ ਭਵਾਨੀਗੜ੍ਹ ਨੇੜਲੇ ਕਾਲਾਝਾੜ ਟੋਲ ਪਲਾਜੇ ਤੇ ਪੂਰੀ ਤਰ੍ਹਾਂ ਝੋਨੇ ਦੀ ਖਰੀਦ ਅਤੇ ਚੁਕਾਈ ਲਈ ਤਿੰਨ ਦਿਨ ਤੋਂ ਲੱਗਿਆ ਹੋਇਆ ਟੌਲ ਪਲਾਜਾ ਟੋਲ ਮੁਕਤ ਕਰਕੇ ਪੱਕਾ ਮੋਰਚਾ ਜਾਰੀ ਰਿਹਾ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਰਨਲ ਸਕੱਤਰ ਜਸਵੀਰ ਸਿੰਘ ਗੱਗੜ੍ਹਪੁਰ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੀ ਪੰਜ ਮੈਂਬਰੀ ਸੂਬਾਈ ਆਗੂ ਟੀਮ ਦੇ ਫ਼ੈਸਲੇ ਅਨੁਸਾਰ ਦੋਨਾਂ ਕਿਸਮਾਂ ਦੇ ਮੋਰਚੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਦਿਨ ਰਾਤ ਜਾਰੀ ਰੱਖੇ ਜਾਣਗੇ। ਇਨ੍ਹਾਂ ਮੰਗਾਂ ਵਿੱਚ ਝੋਨੇ ਦੀ ਪੂਰੀ ਐੱਮ ਐੱਸ ਪੀ ‘ਤੇ ਨਿਰਵਿਘਨ ਖਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤੱਕ ਘੱਟ ਮੁੱਲ ‘ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕਰਨ; ਸਰਕਾਰੀ ਸਿਫਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀ ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਦੀ ਅਤੇ ਐੱਮ ਐੱਸ ਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰਤੀ ਕਰਨ; ਬਾਸਮਤੀ ਦਾ ਲਾਭਕਾਰੀ ਐੱਮ ਐੱਸ ਪੀ ਮਿਥਣ ਅਤੇ ਹੁਣ ਪਿਛਲੇ ਸਾਲ ਵਾਲੇ ਔਸਤ ਰੇਟ ‘ਤੇ ਖ੍ਰੀਦ ਕਰਨ ਸਮੇਤ ਹੁਣ ਤੱਕ ਪੈ ਚੁੱਕੇ ਘਾਟੇ ਦੀ ਕਮੀ ਪੂਰਤੀ ਕਰਨ; ਝੋਨੇ ਦੀ ਵੱਧ ਤੋਂ ਵੱਧ ਨਮੀ 22% ਕਰਨ ਅਤੇ ਦਾਗੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨਰਮ ਕਰਨ; ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿਥਣ ਅਤੇ ਹੋਰ ਹੱਕੀ ਮੰਗਾਂ ਮੰਨਣ; ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਰੱਦ ਕਰਨ ਅਤੇ ਇਸ ਸੰਸਥਾ ‘ਚੋਂ ਬਾਹਰ ਆਉਣ; ਨਵੇਂ ਚੌਲਾਂ ਦੀ ਸਟੋਰੇਜ ਲਈ ਸ਼ੈਲਰ ਮਾਲਕਾਂ ਦੇ ਜਮ੍ਹਾਂ ਪਏ ਚੌਲਾਂ ਦੀ ਚੁਕਾਈ ਤੇਜ਼ੀ ਨਾਲ ਕਰਨ; ਪਰਾਲ਼ੀ ਸਾੜਨ ਤੋਂ ਬਗੈਰ ਨਿਪਟਾਰੇ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਅਤੇ ਕੇਸ ਮੜ੍ਹਨ,ਜੁਰਮਾਨੇ ਕਰਨ ਜਾਂ ਲਾਲ ਐਂਟ੍ਰੀਆਂ ਕਰਨ ਦਾ ਜਾਬਰ ਸਿਲਸਿਲਾ ਬੰਦ ਕਰਨ ਸਮੇਤ ਪਹਿਲਾਂ ਚੁੱਕੇ ਅਜਿਹੇ ਜਾਬਰ ਕਦਮ ਵਾਪਸ ਲੈਣ ਵਰਗੀਆਂ ਮੰਗਾਂ ਨੂੰ ਲੈ ਕੇ ਇਹ ਪੱਕੇ ਮੋਰਚੇ ਲਗਾਏ ਹਨ ਜਦ ਤੱਕ ਸਰਕਾਰ ਇਹਨਾਂ ਮਸਲਿਆਂ ਦਾ ਕੋਈ ਠੋਸ ਪ੍ਰਬੰਧ ਨਹੀਂ ਕਰਦੀ ਉਦੋਂ ਤੱਕ ਇਹ ਮੋਰਚੇ ਜਾਰੀ ਰਹਿਣਗੇ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਲਈ ਕੇਂਦਰ ਅਤੇ ਪੰਜਾਬ ਦੋਨਾਂ ਸਰਕਾਰਾਂ ਨੂੰ ਦੋਸ਼ੀ ਹਨ, ਜਿਹੜੀਆਂ ਕਾਰਪੋਰੇਟ ਪੱਖੀ ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਮੜ੍ਹਨ ‘ਤੇ ਉਤਾਰੂ ਹਨ। ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰਾਂ ਦੇ ਇਨ੍ਹਾਂ ਕਿਸਾਨ ਮਾਰੂ ਇਰਾਦਿਆਂ ਨੂੰ ਮਾਤ ਦੇਣ ਲਈ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਪੱਕੇ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਬਲਾਕ ਆਗੂ ਕਸ਼ਮੀਰ ਸਿੰਘ ਆਲੋਅਰਖ, ਜਸਵਿੰਦਰ ਕੌਰ ਮਹਿਲਾਂ ਚੌਂਕ, ਜਸਪਾਲ ਕੌਰ ਆਲੋਅਰਖ, ਕੁਲਦੀਪ ਕੋਰ ਘਾਬਦਾਂ ਸਮੇਤ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਅਤੇ ਕਿਸਾਨ ਮਜ਼ਦੂਰ ਮਾਵਾਂ ਭੈਣਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।