ਦਲਜੀਤ ਕੌਰ
ਚੰਡੀਗੜ੍ਹ, 19 ਅਕਤੂਬਰ, 2024: ਝੋਨੇ ਦੀ ਖਰੀਦ 4 ਦਿਨਾਂ ਵਿੱਚ ਨਿਰਵਿਘਨ ਚਾਲੂ ਕਰਨ ਦਾ ਮਾਨ ਸਰਕਾਰ ਦਾ ਭਰੋਸਾ ਅਮਲੀ ਰੂਪ ਵਿੱਚ ਤਸੱਲੀਬਖ਼ਸ਼ ਢੰਗ ਨਾਲ ਲਾਗੂ ਹੋਣ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲ਼ੋਂ ਟੌਲ ਪਲਾਜਿਆਂ ਅਤੇ ਸਿਆਸੀ ਆਗੂਆਂ ਵਿਰੁੱਧ ਚੱਲ ਰਹੇ ਪੱਕੇ ਧਰਨੇ ਬਾਦਸਤੂਰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਇਹ ਐਲਾਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਢਾਈ ਸਾਲਾਂ ਦਾ ਤਜਰਬਾ ਦੱਸਦਾ ਹੈ ਕਿ ਮਾਨ ਸਰਕਾਰ ਦੇ ਭਰੋਸੇ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ। ਕਿਸਾਨਾਂ ਆਗੂਆਂ ਨੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਹੋਰ ਵੀ ਵਧੇਰੇ ਜੋਸ਼ ਨਾਲ ਸ਼ਮੂਲੀਅਤ ਜਾਰੀ ਰੱਖੀ ਜਾਵੇ ਤਾਂ ਕਿ ਝੋਨੇ ਦੀ ਨਿਰਵਿਘਨ ਖਰੀਦ ਨੂੰ ਅਮਲੀ ਰੂਪ ਵਿਚ ਤਸੱਲੀਬਖ਼ਸ਼ ਢੰਗ ਨਾਲ ਲਾਗੂ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।