ਦਲਜੀਤ ਕੌਰ
ਸੰਗਰੂਰ, 19 ਅਕਤੂਬਰ, 2024: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇੱਕ ਮੀਟਿੰਗ ਜੋਨ ਜਥੇਬੰਦਕ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨਕ ਤੌਰ ਤੇ ਜਾਗਰੂਕ ਕਰਨ ਲਈ 20 ਤੇ 21 ਅਕਤੂਬਰ ਨੂੰ ਕਰਵਾਈ ਜਾ ਰਹੀ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਬੰਧੀ ਪ੍ਰੀਖਿਆ ਕੇਂਦਰ ਸੁਪਰਡੈਂਟਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਪ੍ਰੀਖਿਆ ਨਾਲ ਸੰਬੰਧਤ ਪ੍ਰਸ਼ਨ ਪੱਤਰ, ਓ ਐਮ ਆਰ ਸੀਟਾਂ,ਹਦਾਇਤਾਂ, ਧਿਆਨ ਦੇਣ ਯੋਗ ਨੁਕਤੇ ਵਾਲੀਆਂ ਫਾਈਲਾਂ ਦਿੱਤੀਆਂ। ਮੀਟਿੰਗ ਵਿੱਚ ਪ੍ਰੀਖਿਆ ਨਾਲ ਸੰਬੰਧਤ ਨੁਕਤੇ ਸਾਂਝੇ ਕੀਤੇ ਤੇ ਕੋਈ ਸਮੱਸਆ ਸਾਹਮਣੇ ਆਉਣ ਤੇ ਜ਼ਿਲ੍ਹਾ ਜਥੇਬੰਦਕ ਨਾਲ ਸੰਪਰਕ ਕਰਨ ਲਈ ਕਿਹਾ। ਮੀਟਿੰਗ ਵਿੱਚ ਕਿਹਾ ਗਿਆ ਕਿ ਪ੍ਰੀਖਿਆ ਨਕਲ ਰਹਿਤ ਵਧੀਆ, ਉਸਾਰੂ ਮਾਹੌਲ ਵਿੱਚ ਹੋਣੀ ਚਾਹੀਦੀ ਹੈ, ਕਿਸੇ ਵਿਦਿਆਰਥੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ, ਪ੍ਰੀਖਿਆ ਦਾ ਵਿਦਿਆਰਥੀਆਂ ਤੇ ਚੰਗਾ ਪ੍ਰਭਾਵ ਪੈਣਾ ਚਾਹੀਦਾ ਹੈ। ਇਕਾਈ ਸੰਗਰੂਰ ਵੱਲੋਂ 36 ਸਕੂਲਾਂ ਲਈ 17 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਹਰ ਪ੍ਰੀਖਿਆ ਕੇਂਦਰਾਂ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ,8 ਪ੍ਰੀਖਿਆ ਕੇਂਦਰਾਂ ਵਿੱਚ 20 ਅਕਤੂਬਰ ਨੂੰ ਤੇ 9 ਪ੍ਰੀਖਿਆ ਕੇਂਦਰਾਂ ਵਿੱਚ 21 ਅਕਤੂਬਰ ਨੂੰ ਪ੍ਰੀਖਿਆ ਹੋਵੇਗੀ। ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਹਿੱਤ ਨਿੱਗਰ ਵਿਚਾਰ ਵਟਾਂਦਰਾ ਕੀਤਾ ਗਿਆ।