ਫਾਜ਼ਿਲਕਾ, 20 ਅਕਤੂਬਰ, ਦੇਸ਼ ਕਲਿੱਕ ਬਿਓਰੋ
ਮੰਡੀਆਂ ਵਿਚ ਕਿਸਾਨਾਂ ਦੀ ਫਸਲ ਦੀ ਨਾਲੋ-ਨਾਲ ਖਰੀਦ ਕਰਨ ਅਤੇ ਖਰੀਦ ਉਪਰੰਤ ਫਸਲ ਦੀ ਲਿਫਟਿੰਗ ਤੇ ਫਸਲ ਦੀ ਅਦਾਇਗੀ ਨੂੰ ਸਮੇਂ ਸਿਰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।ਇਹ ਜਾਣਕਾਰੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁੱਕੜ ਨੇ ਦਿੱਤੀ।
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਦੀਆਂ ਮੰਡੀਆਂ ਵਿਚ ਬੀਤੇ ਦਿਨ ਤੱਕ ਕੁੱਲ 56734 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਤੇ 53849 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਖਰੀਦ ਕੀਤੀ ਗਈ ਫਸਲ ਦੇ 72 ਘੰਟਿਆਂ ਅੰਦਰ-ਅੰਦਰ ਲਿਫਟ ਕੀਤੀ ਜਾਣ ਵਾਲੀ 28147 ਮੀਟ੍ਰਿਕ ਟਨ ਫਸਲ ਦੇ ਮੁਕਾਬਲੇ 27981 ਮੀਟ੍ਰਿਕ ਟਨ ਫਸਲ ਦੀ ਲਿਫਟਿੰਗ ਕੀਤੀ ਗਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਫਸਲ ਦੀ ਖਰੀਦ ਤੇ ਲਿਫਟਿੰਗ ਨੂੰ ਨਾਲੋ-ਨਾਲ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਗਈ ਫਸਲ ਦੇ 48 ਘੰਟਿਆਂ ਦੇ ਅੰਦਰ-ਅੰਦਰ ਅਦਾੲਗੀ ਦੇ ਟੀਚੇ 84.11 ਕਰੋੜ ਦੇ ਮੁਕਾਬਲੇ 89.14 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਫਸਲ ਦੀ ਅਦਾਇਗੀ ਤੈਅ ਸਮੇਂ ਤੋਂ ਪਹਿਲਾਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨ ਵੀਰਾਂ ਨੁੰ ਅਪੀਲ ਕੀਤੀ ਕਿ ਮੰਡੀ ਵਿਚ ਸੁੱਕਾ ਝੋਨਾ ਲੈ ਕੇ ਆਇਆ ਜਾਵੇ ਤਾਂ ਜ਼ੋ ਕਿਸਾਨਾਂ ਨੂੰ ਮੰਡੀ ਵਿਖੇ ਕੋਈ ਦਿੱਕਤ ਨਾ ਹੋਵੇ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਕਿਸਾਨ ਵੀਰ ਝੋਨੇ ਦੀ ਪਰਾਲੀ ਨੁੰ ਅੱਗ ਨਾ ਲਗਾਉਣ ਸਗੋ ਖੇਤੀਬਾੜੀ ਵਿਭਾਗ ਵੱਲੋਂ ਦੱਸੇ ਤਰੀਕਿਆਂ ਨੂੰ ਅਪਣਾਉਣ ਤੇ ਖੇਤੀਬਾੜੀ ਮਸ਼ੀਨਾਂ ਨੂੰ ਵਰਤੋਂ ਵਿਚ ਲਿਆਉਣ ਤੇ ਪਰਾਲੀ ਦਾ ਜਮੀਨ ਵਿਚ ਹੀ ਨਿਪਟਾਰਾ ਕਰਨ।