ਮੋਹਾਲੀ, 20 ਅਕਤੂਬਰ 2024: ਦੇਸ਼ ਕਲਿੱਕ ਬਿਓਰੋ
ਮੋਹਾਲੀ ਦੀ ਧਰਤੀ ਉੱਤੇ ਪਹਿਲੀ ਵਾਰ ਲੱਗੇ ਸਰਸ ਮੇਲੇ ਦੌਰਾਨ ਮੇਲੇ ਦੇਖਣ ਆ ਰਹੇ ਮੇਲੀਆਂ ਦਾ ਸਵਾਗਤ ਪੂਰਬੀ ਰਾਜਸਥਾਨ ਦੇ ਭਰਤਪੁਰ ਡੀਂਗ ਖੇਤਰ ਦੇ ਨਗਾੜਾ ਕਲਾਕਾਰ ਨਗਾੜਾ ਵਜਾਉਂਦੇ ਹੋਏ ਲੋਕ-ਨਾਚ ਨਾਲ ਕਰਦੇ ਹਨ। ਮੇਲੇ ’ਚ ਸੱਭਿਆਚਾਰਕ ਪੇਸ਼ਕਾਰੀਆਂ ਦੇ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਨੁਸਾਰ ਦੇਸ਼ ਦੇ ਬਹੁ-ਭਾਂਤੀ ਸਭਿਆਚਾਰ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸੂਬਿਆਂ ਦੇ ਲੋਕ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਮੇਲੇ ਵਿੱਚ ਬੁਲਾਇਆ ਗਿਆ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਹਿੰਦੁਸਤਾਨ ਦੀਆਂ ਅਮੀਰ ਲੋਕ ਕਲਾਵਾਂ ਤੇ ਲੋਕ ਗੀਤਾਂ ਅਤੇ ਲੋਕ-ਨਾਚਾਂ ਦੇ ਰੂਬਰੂ ਕਰਵਾਇਆ ਜਾ ਸਕੇ।
ਮੇਲੇ ਵਿੱਚ ਪਹੁੰਚੇ ਨਗਾੜਾ ਗਰੁੱਪ ਬਾਰੇ ਜਾਣਕਾਰੀ ਦਿੰਦਿਆ ਗਰੁੱਪ ਲੀਡਰ ਸ਼ਾਹਰੁਖ ਅਨੁਸਾਰ ਇਹ ਲੋਕ-ਨਾਚ ਉਹਨਾਂ ਦੇ ਪੁਰਖਿਆਂ ਵੱਲੋਂ ਮੁਗਲਾਂ ਅਤੇ ਰਾਜਪੂਤ ਰਾਜਿਆਂ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਜਦੋਂ ਰਾਜਪੂਤ ਰਾਜਾ ਰਾਣਾ ਸਾਂਗਾ ਦੀ ਮੁਗ਼ਲਾਂ ਨਾਲ ਖਾਨਵਾ ਦੇ ਮੈਦਾਨ ਵਿੱਚ ਲੜਾਈ ਹੋਈ ਸੀ, ਉਸ ਮੌਕੇ ਜਿੱਤ ਦੀ ਖੁਸ਼ੀ ਦੇ ਪ੍ਰਤੀਕ ਵਜੋਂ ਨਗਾੜਾ ਲੋਕ-ਨਾਚ, ਬਹਾਦਰੀ ਦੀ ਗਾਥਾ ਨੂੰ ਪੇਸ਼ ਕਰਨ ਲਈ ਕੀਤਾ ਗਿਆ ਸੀ। ਉਸ ਤੋਂ ਬਾਅਦ ਰਾਜਪੂਤ ਘਰਾਣਿਆਂ ਵਿੱਚ ਹਰ ਖੁਸ਼ੀ ਦੇ ਮੌਕੇ ਨਗਾੜਾ ਵਜਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਹ ਲੋਕ-ਨਾਚ ਰਾਜਸਥਾਨ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ ਵੀ ਪ੍ਰਚੱਲਿਤ ਹੈ। ਇਸ ਲੋਕ-ਨਾਚ ਵਿੱਚ ਨਗਾੜਾ-ਨਗਾੜੀ, ਢੋਲਕ, ਖੰਜਰੀ, ਮਜੀਰਾ, ਝੰਡੀ ਅਤੇ ਹਾਰਮੋਨੀਅਮ ਆਦਿ ਲੋਕ-ਸਾਜ਼ਾਂ ਦੀ ਵਰਤੋਂ ਕਰਦੇ ਹੋਏ ਨਾਇਕ ਅਤੇ ਨਾਇਕਾ ਦੇ ਰੂਪ ਵਿੱਚ ਕਲਾਕਾਰਾਂ ਵੱਲੋਂ ਨਾਚ ਪੇਸ਼ ਕੀਤਾ ਜਾਂਦਾ ਹੈ।
ਇਨ੍ਹਾਂ ਕਲਾਕਾਰਾਂ ਵੱਲੋਂ ਮੇਲਾ ਅਫਸਰ-ਕਮ- ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਮੇਲੇ ਦੀ ਉਹ ਧਰਤੀ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਬਹਾਦਰੀ ਦੇ ਪ੍ਰਤੀਕ ਵਜੋਂ ਜਾਣੀ ਜਾਂਦੀ ਹੈ, ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਅਤੇ ਉਨ੍ਹਾਂ ਨਗਾੜਾ ਵਜਾ ਕੇ ਉਨ੍ਹਾਂ ਸ਼ਹੀਦਾਂ ਦੀ ਧਰਤੀ ’ਤੇ ਬਹਾਦਰੀ ਦੇ ਗੀਤ ਸੁਨਾਉਣ ਦਾ ਮੌਕਾ ਮਿਲਿਆ।
Published on: ਅਕਤੂਬਰ 20, 2024 4:33 ਬਾਃ ਦੁਃ