ਮੋਹਾਲੀ, 21 ਅਕਤੂਬਰ: ਦੇਸ਼ ਕਲਿੱਕ ਬਿਓਰੋ
ਨਗਰ ਨਿਗਮ ਦੀ ਨਗਰ ਯੋਜਨਾਬੰਦੀ ਸ਼ਾਖਾ ਵੱਲੋਂ ਨਿਗਮ ਹਦੂਦ ਅੰਦਰ ਪੈਂਦੇ ਪਿੰਡਾਂ ਅਤੇ ਉਦਯੋਗਿਕ ਸੈਕਟਰ (ਉਦਯੋਗਿਕ ਉਸਾਰੀਆਂ ਨੂੰ ਛੱਡ ਕੇ) ਵਿੱਚ ਬਿਲਡਿੰਗ ਰੈਗੂਲੇਸ਼ਨ ਦਾ ਕੰਮ ਨਿਯੰਤਰਿਤ ਕੀਤਾ ਜਾਂਦਾ ਹੈ, ਇਹਨਾਂ ਖੇਤਰਾਂ ਵਿੱਚ ਨਗਰ ਨਿਗਮ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ।
ਇਹ ਪ੍ਰਗਟਾਵਾ ਨਿਗਮ ਕਮਿਸ਼ਨਰ ਟੀ ਬੈਨਿਥ ਨੇ ਇਨ੍ਹਾਂ ਖੇਤਰਾਂ ਵਿੱਚ ਅਣ-ਅਧਿਕਾਰਤ ਉਸਾਰੀਆਂ/ਨਜ਼ਾਇਜ ਕਬਜ਼ਿਆਂ ਨੂੰ ਚੈਕ ਕਰਨ ਹਿੱਤ ਨਗਰ ਨਿਗਮ ਟੀਮਾਂ ਨਾਲ ਮੁਆਇਨਾ ਕਰਨ ਉਪਰੰਤ ਕੀਤਾ।
ਕਮਿਸ਼ਨਰ ਨਗਰ ਨਿਗਮ ਟੀ.ਬੈਨਿਥ, ਨੇ ਸਹਾਇਕ ਕਮਿਸ਼ਨਰ ਜਗਜੀਤ ਸਿੰਘ ਜੱਜ ਅਤੇ ਐਮ.ਟੀ.ਪੀ ਰਜਨੀਸ਼ ਵਧਵਾ ਨਾਲ ਪਿੰਡ ਸੋਹਾਣਾ ਵਿਖੇ ਹੋ ਰਹੀ ਉਸਾਰੀਆਂ ਦਾ ਮੁਆਇਨਾ ਕੀਤਾ, ਜਿਸ ਵਿੱਚ ਇਹ ਸਾਹਮਣੇ ਆਇਆ ਕਿ ਕਈ ਬਹੁਮੰਜ਼ਿਲਾ ਵਪਾਰਕ ਉਸਾਰੀਆਂ ਵਿੱਚ ਬਿਲਡਿੰਗ ਬਾਇਲਾਜ਼ ਦੇ ਉਪਬੰਧਾਂ ਦੇ ਵਿਰੁੱਧ ਉਸਾਰੀ ਕੀਤੀ ਜਾ ਰਹੀ ਹੈ।
ਕਮਿਸ਼ਨਰ ਨਗਰ ਨਿਗਮ ਵੱਲੋਂ ਮੌਕੇ ‘ਤੇ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਇਹਨਾਂ ਇਮਾਰਤਾਂ ਦੀਆਂ ਉਸਾਰੀਆਂ ਸਬੰਧੀ ਦਫ਼ਤਰੀ ਰਿਕਾਰਡ ਅਤੇ ਮੌਕੇ ਦੀ ਸਥਿਤੀ ਅਨੁਸਾਰ ਘੋਖ ਕੇ ਜਲਦ ਤੋਂ ਜਲਦ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਜੇਕਰ ਕੋਈ ਅਣ-ਅਧਿਕਾਰਤ ਉਸਾਰੀ ਹੋਈ ਹੈ ਤਾਂ ਉਸ ਵਿਰੁੱਧ ਤੁਰੰਤ ਨਿਯਮਾਂ ਅਨੁਸਾਰ ਕਾਰਵਾਈ ਆਰੰਭੀ ਜਾਵੇ। ਇਸ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਵੱਲੋਂ ਇਹ ਵੀ ਸਖ਼ਤ ਹਦਾਇਤ ਕੀਤੀ ਗਈ ਕਿ ਨਗਰ ਨਿਗਮ ਦੇ ਅਧਿਕਾਰਤ ਖੇਤਰ ਵਿੱਚ ਪੈਂਦੇ ਕਿਸੇ ਵੀ ਥਾਂ ‘ਤੇ ਨਜ਼ਾਇਜ ਉਸਾਰੀ ਜਾਂ ਨਜ਼ਾਇਜ ਕਬਜ਼ੇ ਦੇ ਨੋਟਿਸ ਵਿੱਚ ਆਉਣ ‘ਤੇ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਕਮਿਸ਼ਨਰ ਨਗਰ ਨਿਗਮ, ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਪਿੰਡ (ਮੋਹਾਲੀ, ਸਿਆਹੀਮਾਜਰਾ, ਸੋਹਾਣਾ, ਮਟੌਰ ਅਤੇ ਕੁੰਭੜਾ) ਅਤੇ ਉਦਯੋਗਿਕ ਸੈਕਟਰ (ਉਦਯੋਗਿਕ ਉਸਾਰੀਆਂ ਨੂੰ ਛੱਡ ਕੇ) ਵਿੱਚ ਨਕਸ਼ਾ ਪਾਸ ਕਰਵਾਉਣ ਉਪਰੰਤ ਹੀ ਮੌਕੇ ‘ਤੇ ਬਿਲਡਿੰਗ ਬਾਇਲਾਜ਼ ਦੇ ਉਪਬੰਧਾਂ ਅਨੁਸਾਰ ਉਸਾਰੀ ਦਾ ਕੰਮ ਸ਼ੁਰੂ ਕਰਨ।