ਮਾਨਸਾ, 21 ਅਕਤੂਬਰ : ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ, ਆਈ.ਏ.ਐਸ. ਨੇ 22 ਤੋਂ 24 ਅਕਤੂਬਰ 2024 ਤੱਕ ਸੇਂਟ ਜੇਵੀਅਰ ਸਕੂਲ ਮਾਨਸਾ ਵਿਖੇ ਕਰਵਾਈ ਜਾ ਰਹੀ ਮਾਰਸ (ਮਾਨਸਾ ਐਡਮਿਨੀਸਟਰੇਸ਼ਨ ਰੈਜ਼ੋਨੇਟਿੰਗ ਸਾਇੰਸ) ਸਾਇੰਸ ਪ੍ਰਦਰਸ਼ਨੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਅੰਦਰ ਸਾਇੰਸ ਵਿਸ਼ੇ ਸਬੰਧੀ ਪ੍ਰਤਿਭਾ ਨੂੰ ਹੋਰ ਨਿਖਾਰਨ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਅਤੇ ਰੈਡ ਕਰਾਸ ਦੇ ਸਾਂਝੇ ਉਪਰਾਲੇ ਸਦਕਾ ਇਹ ਸਾਇੰਸ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਬਲਾਕਾਂ ਤੋਂ ਸਕੂਲ ਹਿੱਸਾ ਲੈਣਗੇ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਜੈਨ, ਆਈ.ਏ.ਐਸ. ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਸਕੂਲਾਂ ਤੋਂ ਤਿਆਰ ਕਰੀਬ 75 ਮਾਡਲ ਦਿਖਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਜ਼ਿਲ੍ਹੇ ਦੇ ਕਾਫ਼ੀ ਸਕੂਲਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ ਇਸ ਲਈ, ਖੁਲ੍ਹੀ ਥਾਂ, ਟ੍ਰੈਫ਼ਿਕ ਵਿਵਸਥਾ ਅਤੇ ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਸੇਂਟ ਜ਼ੇਵੀਅਰ ਸਕੂਲ ਵਿਖੇ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਕਾਫ਼ੀ ਸਹਾਈ ਸਿੱਧ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਇੰਸ ਮੇਲਾ ਤਿੰਨੋਂ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇਗਾ, ਜਿਸਦੇ ਪਹਿਲੇ ਦਿਨ 22 ਅਕਤੂਬਰ ਨੂੰ ਇਹ ਪ੍ਰਦਰਸ਼ਨੀ ਸਵੇਰੇ 9 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ ਚੱਲੇਗੀ ਅਤੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਰਜਿਸਟੇ੍ਰਸ਼ਨ ਕੀਤੀ ਜਾਵੇਗੀ। ਇਸ ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਪ੍ਰਾਥਨਾ, ਸਭਿਆਚਾਰਕ ਵੰਨਗੀਆਂ, ਏ.ਆਈ. ਲੈਕਚਰ, ਕਵਿਸ਼ਰੀ, ਮਾਰਸ ਬਾਰੇ ਜਾਣਕਾਰੀ, ਸਾਇੰਸ ਉਪਰ ਨਾਟਕ, ਗੀਤ, ਡਾ. ਪੂਰਨ ਸਿੰਘ ਵੱਲੋਂ ਵੇਸਟ ਮੈਨੇਜਮੈਂਟ ’ਤੇ ਲੈਕਚਰ, ਡਾ. ਅਨੁਪਿੰਦਰ ਥਿੰਦ ਵੱਲੋਂ ਬਾਇਟੈਕਨਾਲਾਜੀ ਵਿਸ਼ੇ ’ਤੇ ਲੈਕਚਰ ਅਤੇ ਇਸ ਉਪਰੰਤ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ ਪੇਸ਼ ਕੀਤਾ ਜਾਵੇਗਾ।
ਇਸੇ ਤਰ੍ਹਾਂ ਦੂਜੇ ਦਿਨ 23 ਅਕਤੂਬਰ ਨੂੰ 8 ਤੋਂ 9 ਵਜੇ ਤੱਕ ਰਜਿਸਟ੍ਰੇਸ਼ਨ ਹੋਵੇਗੀ। ਇਸ ਉਪਰੰਤ ਟੀਚਰ ਫੈਸਟ, ਡੀਬੇਟ ਜੂਨੀਅਰ, ਡਾ. ਅਨਿਲ ਕੁਮਾਰ ਵਰਮਾ ਵੱਲੋਂ ਏ.ਆਈ. ਉਪਰ ਲੈਕਚਰ, ਮੈਜਿਕ ਸ਼ੋਅ, ਡੀਬੇਟ ਸੀਨੀਅਰ ਅਤੇ ਵਿਦਿਆਰਥੀਆਂ ਵੱਲੋਂ ਡਾਂਸ ਪੇਸ਼ ਕੀਤਾ ਜਾਵੇਗਾ। ਸਾਇੰਸ ਮੇਲੇ ਦੇ ਤੀਜੇ ਦਿਨ 24 ਅਕਤੂਬਰ ਨੂੰ 8 ਤੋਂ 9 ਵਜੇ ਤੱਕ ਰਜਿਸਟੇ੍ਰਸ਼ਨ ਹੋਵੇਗੀ। ਉਸ ਉਪਰੰਤ ਕੁਇਜੰ ਜੂਨੀਅਰ ਫਾਇਨਲ ਮੁਕਾਬਲਾ, ਡਾ. ਜਸਵਿੰਦਰ ਸਿੰਘ ਵੱਲੋਂ ਟੀਚਿੰਗ ਪ੍ਰੈਕਟਿਸ ਉਪਰ ਲੈਕਚਰ, ਡਾ. ਫੇਲੀਕਸ ਬੱਸਟ ਵੱਲੋਂ ਆਇਸਬਾਊਂਡ ਉਡੀਸੀ ਉਪਰ ਲੈਕਚਰ, ਕੁਇਜ਼ ਸੀਨੀਅਰ, ਗਰੁੱਪ ਡਾਂਸ, ਸੋਲੋ ਗੀਤ, ਏ.ਆਈ. ਉਪਰ ਲੈਕਚਰ ਕਰਵਾਇਆ ਜਾਵੇਗਾ। ਇਸ ਉਪਰੰਤ ਜੇਤੂਆਂ ਅਤੇ ਹੋਰ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਇਸ ਸਾਇੰਸ ਪ੍ਰਦਰਸ਼ਨੀ ਦਾ ਲਾਹਾ ਜ਼ਰੂਰ ਲੈਣ। ਕਿਉਂਕਿ ਅਜਿਹੀਆਂ ਪ੍ਰਦਰਸ਼ਨੀਆਂ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਇੰਸ ਮੇਲੇ ਲਈ 10 ਰੁਪਏ ਟਿਕਟ ਰੱਖੀ ਗਈ ਹੈ।