ਮੋਹਾਲੀ, 21 ਅਕਤੂਬਰ, 2024: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਸਮੇਂ ਸਿਰ ਜਾਗਰੂਕਤਾ ਤੇ ਰੋਕਥਾਮ ਕਾਰਵਾਈਆਂ ਅਤੇ ਹੋਰ ਪ੍ਰਬੰਧਾਂ ਕਾਰਨ, ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੇਸਾਂ ਵਿੱਚ ਇਸ ਸਾਲ 70 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਜਦਕਿ ਰਾਜ ਵਿੱਚ ਚਿਕਨਗੁਨੀਆ ਦੇ ਮਾਮਲਿਆਂ ਵਿੱਚ 90 ਫੀਸਦੀ ਦੀ ਕਮੀ ਆਈ ਹੈ।
ਡਾ. ਬਲਬੀਰ ਸਿੰਘ ਨੇ ਸੋਮਵਾਰ ਸਵੇਰੇ ਵਿਸ਼ੇਸ਼ ਸਕੱਤਰ ਸਿਹਤ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਡੀ ਸੀ ਆਸ਼ਿਕਾ ਜੈਨ ਅਤੇ ਡੇਂਗੂ ਵਿਰੁੱਧ ਮੁਹਿੰਮ ’ਚ ਭਾਗੀਦਾਰ ਸਾਰੇ ਵਿਭਾਗਾਂ ਦੇ ਨਾਲ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਵਾਸੀਆਂ ਨੂੰ ਸਿਹਤਮੰਦ ਬਣਾਉਣ ਦੀ ਵਚਨਬੱਧਤਾ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਲੋਕਾਂ ਨੂੰ ਡੇਂਗੂ ਮੱਛਰ ਦੇ ਲਾਰਵੇ ਦੀ ਉਤਪਤੀ ਅਤੇ ਇਸ ਨੂੰ ਕਿਵੇਂ ਨਸ਼ਟ ਕਰਨਾ ਹੈ, ਬਾਰੇ ਜਾਗਰੂਕ ਕਰਨ ਲਈ ਜਾਗਰੂਕ ਕਰਨ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਨੂੰ ‘ਡਰਾਈ ਡੇਅ’ (ਹਰ ਸ਼ੁਕਰਵਾਰ ਡੇਂਗੂ ’ਤੇ ਵਾਰ) ਗਤੀਵਿਧੀ ਵਜੋਂ ਇੱਕ ਸੌਖਾ ਜਿਹਾ ਕੰਮ ਖੜ੍ਹੇ ਪਾਣੀ ਵਹਾਉਣ/ ਸਾਫ਼ ਕਰਨ ਦਾ ਕਰਨ। ਉਨ੍ਹਾਂ ਕਿਹਾ ਕਿ ਇਹ ਹਵਾ ਵਾਲੇ ਕੂਲਰ ਦੇ ਟੈਂਕ, ਫੁੱਲਾਂ ਦੇ ਗਮਲਿਆਂ, ਫਰਿੱਜ ਦੀਆਂ ਪਿਛਲੀਆਂ ਟਰੇਆਂ ਅਤੇ ਪੁਰਾਣੇ ਟਾਇਰ ਜਾਂ ਉਨ੍ਹਾਂ ਦੇ ਘਰਾਂ ਅੰਦਰ ਅਤੇ ਆਲੇ ਦੁਆਲੇ ਕੋਈ ਹੋਰ ਥਾਂ ਹੋ ’ਚ ਵੀ ਹੋ ਸਕਦਾ ਹੈ, ਜਿਸ ਨੂੰ ਅਸੀਂ ਸ਼ੁੱਕਰਵਾਰ ਨੂੰ ਡੋਲ੍ਹ ਕੇ ਖਾਲੀ ਕਰ ਦੇਣਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਵਿੱਚ ਡੇਂਗੂ ਦੇ 13000 ਕੇਸ ਸਨ, ਇਸ ਸਾਲ ਇਹ ਗਿਣਤੀ 2032 ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਡੇਂਗੂ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਵੀ ਡੇਂਗੂ ਦੇ ਕੇਸਾਂ ਦੀ ਪਿਛਲੇ ਸਾਲ ਦੇ 1325 ਕੇਸਾਂ ਦੇ ਮੁਕਾਬਲੇ ਬਹੁਤ ਘੱਟ ਗਿਣਤੀ ਹੈ ਅਤੇ ਕੋਈ ਜਾਨੀ ਨੁਕਸਾਨ ਵੀ ਨਹੀਂ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਹਿਰੀ ਖੇਤਰਾਂ ਵਿੱਚ ਸਥਾਨਕ ਸੰਸਥਾਵਾਂ, ਪੇਂਡੂ ਵਿਕਾਸ ਅਤੇ ਪੇਂਡੂ ਖੇਤਰਾਂ ਦੀਆਂ ਪੰਚਾਇਤਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਵਰਗੇ ਸਾਰੇ ਹਿੱਸੇਦਾਰਾਂ ਨਾਲ ਤਾਲਮੇਲ ਕਰਕੇ ਵਧੇਰੇ ਸਰਗਰਮੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਜਾ ਕੇ ਬਰੀਡਿੰਗ ਚੈਕਿੰਗ ਗਤੀਵਿਧੀਆਂ ਨੂੰ ਤੇਜ਼ ਕਰਨ।
ਸਿਹਤ ਮੰਤਰੀ ਨੇ ਕਿਹਾ ਕਿ ਰਾਜ ਰਾਜ ਦੇ 8ਵੀਂ ਜਮਾਤ ਤੋਂ ਬਾਅਦ ਦੇ 20 ਲੱਖ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਰਵੇ ਦੀ ਜਾਂਚ ਅਤੇ ਨਸ਼ਟ ਕਰਨ, ਦੁਰਘਟਨਾ ਪੀੜਤਾਂ ਨੂੰ ਫਸਟ ਏਡ, ਨੱਕ ’ਚੋਂ ਵਗਦਾ ਖੂਨ ਰੋਕਣ, ਸੱਪ ਦੇ ਡੱਸਣ ਦੀ ਦੇਖਭਾਲ, ਜੀਵਨ ਸ਼ੈਲੀ ਵਿੱਚ ਸੁਧਾਰ ਵਰਗੇ ਬੁਨਿਆਦੀ ਸਿਹਤ/ਜੀਵਨ ਹੁਨਰਾਂ ਨਾਲ ਲੈਸ ਕਰਨ ’ਤੇ ਵਿਚਾਰ ਕਰ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਇਸ ਲਈ ਇੱਕ ਬੁਨਿਆਦੀ ਪਾਠਕ੍ਰਮ ਤਿਆਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ੁੱਧ ਅਤੇ ਮਿਲਾਵਟ ਰਹਿਤ ਮਠਿਆਈਆਂ ਨੂੰ ਯਕੀਨੀ ਬਣਾਉਣ ਲਈ ਦੁੱਧ ਉਤਪਾਦਾਂ ਦੇ ਸੈਂਪਲ ਲਏ ਜਾ ਰਹੇ ਹਨ ਜਿਸ ਲਈ ਸਮਰਪਿਤ ਫੂਡ ਸੇਫਟੀ ਵੈਨ ਵੀ ਤਾਇਨਾਤ ਕੀਤੀ ਗਈ ਹੈ।
ਉਨ੍ਹਾਂ ਡਿਊਟੀ ਸਮੇਂ ਦੌਰਾਨ ਡਾਕਟਰਾਂ ਅਤੇ ਪੈਰਾਮੈਡਿਕਸ ਦੀ ਸੁਰੱਖਿਆ ਲਈ ਕੀਤੇ ਗਏ ਉਪਰਾਲਿਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਸਰਕਾਰੀ ਹਸਪਤਾਲਾਂ ਵਿਚ ਸੰਵੇਦਨਸ਼ੀਲ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ। ਇਸ ਦੇ ਨਾਲ ਹੀ ਹਸਪਤਾਲਾਂ ਦੇ ਸਟਾਫ਼ ਨੂੰ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਅਪਣੇ ਮਰੀਜ਼ ਦੀ ਨਾਜ਼ੁਕ ਹਾਲਤ ਕਾਰਨ ਆਪੇ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਹ ਠਰ੍ਹੰਮੇ ਤੋਂ ਕੰਮ ਲੈਣ ਅਤੇ ਸਥਿਤੀ ਨੂੰ ਕਾਬੂ ’ਚ ਰੱਖਣ ਦਾ ਯਤਨ ਕਰਨ।
ਉਨ੍ਹਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਤੋਂ ਡੇਂਗੂ ਮਾਮਲਿਆਂ ਦੀ ਹਫ਼ਤਾਵਾਰੀ ਸਮੀਖਿਆ ਲੈਣਗੇ। ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਸਿਹਤ ਮੰਤਰੀ ਨੂੰ ਡੇਂਗੂ ਮੱਛਰ ਦੇ ਲਾਰਵੇ ਅਤੇ ਇਸ ਨੂੰ ਨਸ਼ਟ ਕਰਨ ਸਬੰਧੀ ਜਾਗਰੂਕਤਾ ਲਈ ਜ਼ੋਰਦਾਰ ਮੁਹਿੰਮ ਵਿੱਢਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਲੜਨ ਲਈ ਜ਼ਿਲ੍ਹੇ ਦੇ ਸਾਰੇ ਵਿਭਾਗ ਮਿਲ ਕੇ ਕੰਮ ਕਰਨਗੇ।
ਮੀਟਿੰਗ ਵਿੱਚ ਸਿਹਤ ਵਿਭਾਗ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਸਮੇਤ ਜ਼ਿਲ੍ਹੇ ਅਤੇ ਸਬ ਡਵੀਜ਼ਨਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।
ਬਾਕਸ:
ਡੇਂਗੂ ਦੇ ਲੱਛਣ:
ਅਚਾਨਕ ਤੇਜ਼ ਬੁਖਾਰ
ਤੇਜ਼ ਸਿਰ ਦਰਦ
ਅੱਖਾਂ ਦੇ ਪਿੱਛੇ ਦਰਦ
ਗੰਭੀਰ ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ
ਚਮੜੀ ’ਤੇ ਧੱਫੜ
ਥਕਾਵਟ
ਜੀਅ ਘਬਰਾਉਣਾ
ਉਲਟੀਆਂ
ਕੀ ਕੀਤਾ ਜਾਵੇ:
ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਕੂਲਰਾਂ ਅਤੇ ਹੋਰ ਛੋਟੇ ਕੰਟੇਨਰਾਂ ਵਿੱਚੋਂ ਪਾਣੀ ਕੱਢੋ,
ਓਵਰਹੈੱਡ ਟੈਂਕਾਂ ਨੂੰ ਢੱਕ ਕੇ ਰੱਖੋ,
ਹਰ ਹਫ਼ਤੇ ਫਰਿੱਜ ਦੀ ਪਿਛਲੀ ਟਰੇਅ ਚੋਂ ਪਾਣੀ ਕੱਢ ਦਿਓ,
ਦਿਨ ਵੇਲੇ ਸੌਂਦੇ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰੋ,
ਹਫਤਾਵਾਰੀ ਆਧਾਰ ’ਤੇ ਪਾਣੀ ਦੇ ਸਟੋਰੇਜ ਦੇ ਭਾਂਡਿਆਂ ਨੂੰ ਖਾਲੀ ਕਰਨਾ ਅਤੇ ਸੁਕਾਉਣਾ,
ਮੱਛਰ ਪੈਦਾ ਹੋਣ ਤੋਂ ਰੋਕਣ ਲਈ ਆਲੇ-ਦੁਆਲੇ ਨੂੰ ਸਾਫ਼ ਅਤੇ ਸੁੱਕਾ ਰੱਖੋ,
ਪਲਾਸਟਿਕ, ਨਾਰੀਅਲ ਦੇ ਛਿਲਕਿਆਂ ਅਤੇ ਖਾਲੀ ਟੀਨਾਂ ਅਤੇ ਡੱਬਿਆਂ ’ਚ ਪਾਣੀ ਨਾ ਖੜ੍ਹਨ ਦਿਓ,
ਆਪਣੇ ਘਰ ਦੇ ਅੰਦਰ ਅਤੇ ਆਲੇ-ਦੁਆਲੇ ਬਾਹਰੀ ਕੰਟੇਨਰਾਂ ਅਤੇ ਪਾਣੀ ਦੇ ਛੱਪੜਾਂ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ
-ਇਹ ਨਾ ਕਰੋ-
ਅਜਿਹੇ ਕੱਪੜੇ ਨਾ ਪਾਓ ਜੋ ਤੁਹਾਡੀਆਂ ਬਾਹਾਂ ਅਤੇ ਲੱਤਾਂ ਨੂੰ ਨੰਗਾ ਰੱਖਦੇੇ ਹਨ,
ਬੱਚਿਆਂ ਨੂੰ ਸ਼ਾਰਟਸ ਅਤੇ ਅੱਧੀ ਬਾਹਾਂ ਵਾਲੇ ਕੱਪੜਿਆਂ ਵਿੱਚ ਖੇਡਣ ਨਾ ਦਿਓ,
ਪੰਛੀਆਂ ਦੇ ਖਾਣ/ਪੀਣ ਵਾਲੇ ਬਰਤਨਾਂ ਵਿੱਚ ਪਾਣੀ ਨੂੰ ਖੜ੍ਹਾ ਨਾ ਹੋਣ ਦਿਓ,
ਘਰ ਤੋਂ ਬਾਹਰ ਜਾਣ ਵੇਲੇ ਟਾਇਲਟ ਨੂੰ ਢੱਕ ਕੇ ਜਾਓ,
ਇਨ੍ਹਾਂ ਮਹੀਨਿਆਂ ਦੌਰਾਨ ਫੁੱਲਾਂ ਦੇ ਬਰਤਨਾਂ ਦੇ ਹੇਠਾਂ ਹੋਰ ਬਰਤਨਾਂ ਦੀ ਵਰਤੋਂ ਨਾ ਕਰੋ ਕਿਉਂਕਿ ਖ੍ਹੜਾ ਪਾਣੀ ਮੱਛਰ ਦਾ ਘਰ ਬਣਦਾ ਹੈ,
ਡੇਂਗੂ ਦੇ ਮਰੀਜ਼ਾਂ ਨੂੰ ਸਟੀਰੌਇਡ ਜਾਂ ਐਂਟੀਬਾਇਓਟਿਕਸ ਨਾ ਦਿਓ,
ਜਦੋਂ ਤੱਕ ਨਿਰੰਤਰ ਖੂਨ ਨਹੀਂ ਆਉਂਦਾ ਜਾਂ ਪਲੇਟਲੇਟ ਦੀ ਗਿਣਤੀ 10,000 ਤੋਂ ਘੱਟ ਹੈ, ਉਦੋਂ ਤੱਕ ਪਲੇਟਲੇਟਸ ਟਰਾਂਸਫਿਊਜ਼ਨ ਤੋਂ ਪਰਹੇਜ਼ ਕਰੋ।
Published on: ਅਕਤੂਬਰ 21, 2024 5:32 ਬਾਃ ਦੁਃ