ਲੁਧਿਆਣਾ, 21 ਅਕਤੂਬਰ, ਦੇਸ਼ ਕਲਿਕ ਬਿਊਰੋ :
ਓਮੈਕਸ ਰੈਜ਼ੀਡੈਂਸੀ, ਲੁਧਿਆਣਾ ਵਿੱਚ ਰਾਤ 10:45 ਵਜੇ ਦੇ ਕਰੀਬ ਇੱਕ 58 ਸਾਲਾ NRI ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਵਿਅਕਤੀ 13ਵੀਂ ਮੰਜ਼ਿਲ ਤੋਂ ਡਿੱਗਿਆ। ਉਸ ਦੇ ਸਿਰ ‘ਤੇ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਓਮੈਕਸ ਰੈਜ਼ੀਡੈਂਸੀ ‘ਚ ਰਹਿੰਦੇ ਲੋਕ ਵੀ ਖੂਨ ਨਾਲ ਲੱਥਪੱਥ ਲਾਸ਼ ਨੂੰ ਦੇਖਣ ਲਈ ਇਕੱਠੇ ਹੋ ਗਏ।
ਲੋਕਾਂ ਨੇ ਤੁਰੰਤ ਉਸ ਵਿਅਕਤੀ ਨੂੰ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਸਿੰਦਰ ਸਿੰਘ ਹੈ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਸਦਰ ਅਤੇ ਲਲਤੋਂ ਚੌਕੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ।
ਜਾਣਕਾਰੀ ਅਨੁਸਾਰ ਸਿੰਦਰ ਮੂਲ ਰੂਪ ਵਿੱਚ ਪਿੰਡ ਸ਼ਹਿਜ਼ਾਦਾ ਦਾ ਰਹਿਣ ਵਾਲਾ ਹੈ। ਉਹ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਵਿਚ ਰਹਿ ਰਿਹਾ ਹੈ। ਉਹ 3 ਦਿਨ ਪਹਿਲਾਂ ਹੀ ਭਾਰਤ ਆਇਆ ਸੀ ਅਤੇ ਓਮੈਕਸ ਰੈਜ਼ੀਡੈਂਸੀ ਦੇ ਇੱਕ ਫਲੈਟ ਵਿੱਚ ਠਹਿਰਿਆ ਸੀ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਸਿੰਦਰ ਚੰਗੇ ਸੁਭਾਅ ਦਾ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Published on: ਅਕਤੂਬਰ 21, 2024 1:12 ਬਾਃ ਦੁਃ