ਮਾਲੇਰਕੋਟਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ

ਪੰਜਾਬ

ਮਾਲੇਰਕੋਟਲਾ 21 ਅਕਤੂਬਰ : ਦੇਸ਼ ਕਲਿੱਕ ਬਿਓਰੋ

          ਅੱਜ ਪੁਲਿਸ ਯਾਦਗਾਰੀ ਦਿਵਸ ਮੌਕੇ ਮਾਲੇਰਕੋਟਲਾ ਪੁਲਿਸ ਵੱਲੋਂ ਸਥਾਨਕ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਵਿਖੇ ਸ਼ਹੀਦੀ ਸਮਾਰਕ ‘ਤੇ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਜਾਂਬਾਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਐਸ.ਐਸ.ਪੀ.ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਸ੍ਰੀਮਤੀ ਰੂਪਾ ਧਾਲੀਵਾਲ, ਸਹਾਇਕ ਕਮਿਸ਼ਨਰ ਗਰਮੀਤ ਕੁਮਾਰ ਬਾਂਸਲ ਨੇ ਸਰਧਾਂਜਲੀ ਭੇਂਟ ਕੀਤੀ ।

          ਸਮਾਰੋਹ ਮੌਕੇ ਐਸ.ਐਸ.ਪੀ.ਗਗਨ ਅਜੀਤ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਭਵਿੱਖ ‘ਚ ਕਿਸੇ ਵੀ ਮੁਸੀਬਤ ਦਾ ਸਾਹਮਣਾ ਡੱਟ ਕੇ ਕਰਨ,ਦੇਸ਼ ਦੀ ਆਨ ਅਤੇ ਸ਼ਾਨ ਦੀ ਖ਼ਾਤਰ ਹਰ ਕੁਰਬਾਨੀ ਕਰਨ ਦਾ ਨਿਸ਼ਚਾ ਕਰਨ ਅਤੇ ਹਰ ਸਮੇਂ ਤਿਆਰ-ਬਰ ਤਿਆਰ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਦੀਆਂ ਸਾਜਿਸ਼ਾਂ ਕਾਰਨ ਪੰਜਾਬ ਪੁਲਿਸ ਨੇ ਕਰੀਬ 10ਸਾਲ ਦਹਿਸ਼ਤਗਰਦੀ ਦਾ ਸਾਹਮਣਾ ਕੀਤਾ, ਜਿਸ ਦੌਰਾਨ ਪੁਲਿਸ ਅਫ਼ਸਰਾਂ, ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਸ਼ਹੀਦ ਹੋਏ।

           ਉਨ੍ਹਾਂ ਕਿਹਾ ਕਿ ਸ਼ਹੀਦ ਸਾਡੇ ਸੂਬੇ ਅਤੇ ਦੇਸ਼ ਦਾ ਸਰਮਾਇਆ ਹਨ। ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ ।ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦੇ ਪੰਜਾਬ ਦੀ ਰਚਨਾ ਲਈ ਪੁਲਿਸ ਪ੍ਰਸਾਸ਼ਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਜੀ.ਪੀ.ਪੰਜਾਬ ਦੀ ਅਗਵਾਈ ਹੇਠ ਮੌਜੂਦਾ ਸਮੇਂ ਨਸ਼ਿਆਂ ਵਰਗੀਆਂ ਚੁਣੌਤੀਆਂ ਸਮੇਤ ਗਵਾਂਢੀ ਮੁਲਕ ਵੱਲੋਂ ਫੈਲਾਏ ਜਾਣ ਵਾਲੇ ਅੱਤਵਾਦ ਤੇ ਤਸਕਰੀ ਆਦਿ ਨਾਲ ਵੀ ਪੂਰੀ ਪ੍ਰਤੀਬੱਧਤਾ ਤੇ ਪੇਸ਼ੇਵਰ ਢੰਗ ਨਾਲ ਨਜਿੱਠ ਰਹੀ ਹੈ। ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਾਰੇ ਇੱਕ ਮੁੱਠ ਹੋ ਕੇ ਦੇਸ਼ ਵਿਰੋਧੀ ਅਤੇ ਗ਼ੈਰਸਮਾਜੀ ਤਾਕਤਾਂ ਦੇ ਮਨਸੂਬੇ ਅਸਫ਼ਲ ਕਰੀਏ  

 ਇਸ ਮੌਕੇ ਐਸ.ਐਸ.ਪੀ. ਨੇ ਇਸ ਸਮਾਗਮ ਵਿੱਚ ਪੁੱਜੇ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਅਤੇ ਜ਼ਿਲ੍ਹੇ ਦੇ 10 ਸ਼ਹੀਦ ਪੁਲਿਸ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ।

          ਸਮਾਗਮ ਦੌਰਾਨ  ਐਸ.ਪੀ. (ਐਚ) ਸਵਰਨਜੀਤ ਕੌਰ ਨੇ ਪਿਛਲੇ ਇੱਕ ਸਾਲ ਦੌਰਾਨ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਮ ਪੜ੍ਹ ਕੇ ਸਰਧਾਂਜਲੀ ਭੇਂਟ ਕੀਤੀ ।

         ਇਸ ਤੋਂ ਪਹਿਲਾਂ ਡੀ.ਐਸ.ਪੀ (ਐਚ) ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਅਧੀਨ ਟੁਕੜੀ ਨੇ ਸਲਾਮੀ ਦਿੱਤੀ  ਇਸ ਉਪਰੰਤ ਟੁਕੜੀ ਵੱਲੋਂ ਹਥਿਆਰ ਪੁੱਠੇ ਕਰਕੇ ਅਤੇ ਸਾਰਿਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। 

         ਇਸ ਮੌਕੇ ਐਸ.ਪੀ.(ਡੀ) ਵੈਭਵ ਸਹਿਗਲ,ਡੀ.ਐਸ.ਪੀ(ਸਪੈਸ਼ਲ ਬ੍ਰਾਂਚ)ਰਣਜੀਤਸਿੰਘ,ਡੀ.ਐਸ.ਪੀ.(ਡੀ) ਸਤੀਸ਼ ਕੁਮਾਰ, ਡੀ.ਐਸ.ਪੀ.ਕੁਲਦੀਪ ਸਿੰਘ, ਡੀ.ਐਸ.ਪੀ.ਅਮਰਗੜ੍ਹ ਦਵਿੰਦਰ ਸਿੰਘ,ਡੀ.ਐਸ.ਪੀ.ਅਹਿਮਦਗੜ੍ਹ ਰਾਜਨ ਸਰਮਾਂ ਅਤੇ ਹੋਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਸ਼ਹੀਦੀ ਯਾਦਗਾਰ ਵਿਖੇ ਸਥਾਪਿਤ ਤਸਵੀਰਾਂ ਤੇ ਫੁੱਲਾਂ ਦੀਆਂ ਰੀਥਾਂ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।

Leave a Reply

Your email address will not be published. Required fields are marked *