ਦਰਿਆਵਾਂ ਦੇ ਵਹਿਣ ਵਰਗੇ ਨੇ ਭਾਸ਼ਾ ਅਤੇ ਬਾਜ਼ਾਰ: ਡਾ. ਦੀਪਕ ਮਨਮੋਹਨ ਸਿੰਘ

ਸਾਹਿਤ

ਬਠਿੰਡਾ: 22 ਅਕਤੂਬਰ, ਦੇਸ਼ ਕਲਿੱਕ ਬਿਓਰੋ

ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਸਾਹਿਤ ਸਿਰਜਣਾ ਮੰਚ (ਰਜਿ.) ਵੱਲੋਂ “ਵਿਸ਼ਵ ਬਾਜ਼ਾਰ ਅਤੇ ਪੰਜਾਬੀ ਭਾਸ਼ਾ” ਵਿਸ਼ੇ ਉੱਪਰ ਟੀਚਰਜ਼ ਹੋਮ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਯੁੱਗ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਇਸ ਸੈਮੀਨਾਰ ਦੀ ਪ੍ਰਧਾਨਗੀ ਉੱਘੇ ਚਿੰਤਕ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ ਜਦੋਂ ਕਿ ਤਸਵਿੰਦਰ ਸਿੰਘ ਮਾਨ, ਪ੍ਰਿੰਸੀਪਲ ,ਦਸ਼ਮੇਸ਼ ਪਬਲਿਕ ਸੀ. ਸੈਕੰ. ਸਕੂਲ, ਬਠਿੰਡਾ ਅਤੇ ਹਰਮੰਦਰ ਸਿੰਘ ਬਰਾੜ ਸਾਬਕਾ ਪ੍ਰਧਾਨ, ਬੀ.ਪੀ.ਈ.ਓ. ਐਸੋਸੀਏਸ਼ਨ, ਪੰਜਾਬ ਅਤੇ ਬੂਟਾ ਸਿੰਘ ਚੌਹਾਨ, ਮੈਂਬਰ ਗਵਰਨਿੰਗ ਕੌਂਸਲ, ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਇਸ ਸੈਮੀਨਾਰ ਵਿੱਚ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰਧਾਨਗੀ ਮੰਡਲ ਵਿੱਚ ਉਹਨਾਂ ਦੇ ਨਾਲ ਦਰਸ਼ਨ ਬੁੱਟਰ, ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ, ਡਾ.ਭੀਮ ਇੰਦਰ ਸਿੰਘ ਸਾਬਕਾ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸੁਖਦਰਸ਼ਨ ਗਰਗ, ਮੁੱਖ ਸਰਪ੍ਰਸਤ, ਸਾਹਿਤ ਸਿਰਜਣਾ ਮੰਚ, (ਰਜਿ.) ਸ਼ਾਮਿਲ ਸਨ।
ਸੈਮੀਨਾਰ ਦਾ ਮੰਚ ਸੰਚਾਲਣ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਅਤੇ ਸੈਮੀਨਾਰ ਦੇ ਕਨਵੀਨਰ ਸੁਰਿੰਦਰਪ੍ਰੀਤ ਘਣੀਆਂ ਨੇ ਹਾਜ਼ਰੀਨ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਸੈਮੀਨਾਰ ਦੇ ਮਨੋਰਥ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਦਰਸ਼ਨ ਬੁੱਟਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਭਾਸ਼ਾ ਨਾਲ ਸੰਬੰਧਿਤ ਪੰਜ ਸੈਮੀਨਾਰਾਂ ਦੀ ਲੜੀ ਤਹਿਤ ਬਠਿੰਡਾ ਵਿਖੇ ਹੋ ਰਿਹਾ ਇਹ ਤੀਸਰਾ ਸੈਮੀਨਾਰ ਹੈ। ਉਹਨਾਂ ਦੱਸਿਆ ਕਿ ਸਭਾ ਵੱਲੋਂ ਫਰਵਰੀ, 2025 ਵਿੱਚ ਚੰਡੀਗੜ੍ਹ ਵਿਖੇ ਇੱਕ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਕਰਵਾਈ ਜਾਵੇਗੀ। ਇਸ ਮੌਕੇ ਡਾ. ਦੀਪਕ ਮਨਮੋਹਨ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਭਾਸ਼ਾ ਅਤੇ ਬਾਜ਼ਾਰ ਦੀ ਸਥਿਤੀ ਦਰਿਆਵਾਂ ਵਰਗੀ ਹੁੰਦੀ ਹੈ, ਜਿਸ ਦਾ ਸਰੂਪ ਸਮੇਂ ਦੇ ਵਹਿਣ ਨਾਲ ਬਦਲਦਾ ਰਹਿੰਦਾ ਹੈ। ਉਹਨਾਂ ਇਸ ਮੌਕੇ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਬਠਿੰਡਾ ਦੇ ਸਾਹਿਤਕਾਰਾਂ ਅਤੇ ਸਾਹਿਤ ਸਭਾਵਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਜ਼ੋਰਦਾਰ ਸ਼ਬਦਾਂ ਸ਼ਬਦਾਂ ਵਿੱਚ ਪ੍ਰਸੰਸਾ ਕੀਤੀ। ਸੈਮੀਨਾਰ ਦੇ ਮੁੱਖ ਵਕਤਾ ਡਾ. ਭੀਮ ਇੰਦਰ ਸਿੰਘ ਨੇ ਆਪਣੇ ਮੁੱਖ ਸੁਰ ਭਾਸ਼ਣ ਵਿੱਚ ਕਿਹਾ ਕਿ ਵਿਸ਼ਵ ਬਾਜ਼ਾਰ, ਭਾਸ਼ਾਵਾਂ ਦੀ ਆਪਣੀਆਂ ਲੋੜਾਂ ਅਤੇ ਮੁਨਾਫੇ ਦੇ ਉਦੇਸ਼ ਲਈ ਵਰਤੋਂ ਕਰਦਾ ਹੈ। ਅਸਲ ਵਿੱਚ ਭਾਸ਼ਾ ਦਾ ਵਿਕਾਸ ਅਤੇ ਬਚਾਅ ਗਿਆਨ ਵਿਗਿਆਨ ਨਾਲ ਸਬੰਧਤ ਰਚਿਆ ਸਾਹਿਤ ਅਤੇ ਸਾਹਿਤਕਾਰ ਹੀ ਕਰਦੇ ਹਨ। ਉਹਨਾਂ ਕਿਹਾ ਕਿ ਵਰਤਮਾਨ ਸਮੇਂ ਭਾਸ਼ਾ ਉੱਤੇ ਹੋ ਰਹੇ ਭਾਸ਼ਾਈ ਸਾਮਰਾਜੀ ਹਮਲਿਆਂ ਪ੍ਰਤੀ ਸਮੂਹ ਪੰਜਾਬੀਆਂ ਨੂੰ ਸੁਚੇਤ ਅਤੇ ਸੁਹਿਰਤ ਹੋਣ ਦੀ ਜਰੂਰਤ ਹੈ।

ਇਸ ਸੰਵਾਦ ਨੂੰ ਅੱਗੇ ਤੋਰਦਿਆਂ ਉੱਘੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਢੀਂਗਰਾ ਦਾ ਕਹਿਣਾ ਸੀ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਸੁਰੱਖਿਅਤ ਹੈ, ਜਦੋਂ ਕਿ ਵਰਤਮਾਨ ਦਾਅ ‘ਤੇ ਲੱਗਾ ਹੋਇਆ ਹੈ ।ਉਹਨਾਂ ਕਿਹਾ ਕਿ ਬਾਜ਼ਾਰ ਭਾਸ਼ਾ ਨੂੰ ਮਾਰਦਾ ਨਹੀਂ ਸਗੋਂ ਜਿਉਂਦਾ ਰੱਖਦਾ ਹੈ ਅਤੇ ਭਾਸ਼ਾ ਨੂੰ ਵਿਕਸਿਤ ਕਰਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੀਨ ,ਭਾਸ਼ਾਵਾਂ ਵਜੋਂ ਸੇਵਾ ਕਰ ਰਹੀ ਡਾ. ਬਲਵਿੰਦਰ ਕੌਰ ਸਿੱਧੂ ਨੇ ਜੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਸਾਡੇ ਗੁਰਮਤਿ ਅਤੇ ਲੋਕ ਸਾਹਿਤ ਦੀ ਬੁੱਕਲ ਵਿੱਚ ਪੰਜਾਬੀ ਭਾਸ਼ਾ ਹਮੇਸ਼ਾ ਸੁਰੱਖਿਤ ਰਹੇਗੀ, ਬਾਜ਼ਾਰ ਦਾ ਝੱਖੜ ਇਸਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਮਨਪ੍ਰੀਤ ਕੌਰ ਨੇ ਕਿਹਾ ਕਿ ਵਿਸ਼ਵ ਬਾਜ਼ਾਰ ਦਾ ਆਪਣਾ ਇਤਿਹਾਸ ਹੈ, ਸਾਨੂੰ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਬੂਟਾ ਸਿੰਘ ਚੌਹਾਨ ਦਾ ਕਹਿਣਾ ਸੀ ਕਿ ਭਾਸ਼ਾ ਨੂੰ ਸਾਹਿਤ ਅਤੇ ਸਾਹਿਤਕਾਰਾਂ ਨੇ ਹੀ ਸਾਂਭਣਾ ਹੁੰਦਾ ਹੈ। ਉਹਨਾਂ ਸਾਹਿਤਕਾਰਾਂ ਨੂੰ ਮਿਆਰੀ ਸਾਹਿਤ ਰਚਣ ਦੀ ਅਪੀਲ ਕੀਤੀ। ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰਿੰ. ਤਸਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਮਾਧਿਅਮ ਵਿੱਚ ਸਿੱਖਿਆ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅੰਗਰੇਜ਼ੀ ਭਾਸ਼ਾ ਦਾ ਗਿਆਨ ਵੀ ਮੁਹੱਈਆ ਕਰਦੇ ਹਨ। ਹਰਮੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਭਾਸ਼ਾ ਤੋਂ ਇਲਾਵਾ ਦਿਨ-ਬ- ਦਿਨ ਖਤਮ ਹੋ ਰਹੇ ਪੀਣ ਯੋਗ ਪਾਣੀ ਅਤੇ ਵਾਤਾਵਰਨ ਦੀ ਸ਼ੁੱਧਤਾ ਦਾ ਵੀ ਫਿਕਰ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਜਸਵੀਰ ਸਿੰਘ ਸਿੱਧੂ, ਪ੍ਰੋ. ਤਰਸੇਮ ਨਰੂਲਾ ਅਤੇ ਸੁਖਦਰਸ਼ਨ ਗਰਗ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਰੋਸਾ ਪ੍ਰਗਟ ਕੀਤਾ ਕਿ ਜਦੋਂ ਤੱਕ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਅਤੇ ਵਾਰਸ ਸ਼ਾਹ ਦੀ ਹੀਰ ਜਿਹੀਆਂ ਸ਼ਾਹਕਾਰ ਲਿਖਤਾਂ ਹਨ ਉਦੋਂ ਤੱਕ ਪੰਜਾਬੀ ਭਾਸ਼ਾ ਮਰ ਨਹੀਂ ਸਕਦੀ। ਸੈਮੀਨਾਰ ਦੇ ਅਖ਼ੀਰ ਵਿੱਚ ਮੰਚ ਦੇ ਮੁੱਖ ਸਲਾਹਕਾਰ ਡਾ. ਅਜੀਤ ਪਾਲ ਸਿੰਘ ਨੇ ਸਮੂਹ ਹਾਜ਼ਰੀਨ ਦਾ ਨਿੱਘੇ ਸ਼ਬਦਾਂ ਵਿੱਚ ਧੰਨਵਾਦ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਪ੍ਰਿੰ. ਸ਼ੁਭ ਪ੍ਰੇਮ ਬਰਾੜ, ਨਾਵਲਕਾਰ ਨੰਦ ਸਿੰਘ ਮਹਿਤਾ, ਡਾ. ਤਰਲੋਕ ਬੰਧੂ, ਡਾ. ਪਰਮਜੀਤ ਰੁਮਾਣਾ , ਮਾਸਟਰ ਜਗਨ ਨਾਥ, ਅਮਰਜੀਤ ਪੇਂਟਰ, ਪ੍ਰਿੰ.ਜਗਮੇਲ ਸਿੰਘ ਜਠੌਲ, ਦਵੀ ਸਿੱਧੂ ,ਵੀਰਪਾਲ ਕੌਰ ਮੋਹਲ, ਡਾ. ਜਸਪਾਲਜੀਤ, ਲੀਲਾ ਸਿੰਘ ਰਾਏ, ਰਮੇਸ ਕੁਮਾਰ ਗਰਗ, ਮੀਤ ਬਠਿੰਡਾ, ਭੁਪਿੰਦਰ ਜੈਤੋ, ਕੰਵਲਜੀਤ ਕੁਟੀ, ਗੁਰਮੀਤ ਗੀਤ, ਹਰਮੇਲ ਪ੍ਰੀਤ, ਗੁਰਸੇਵਕ ਚੁੱਘੇ , ਮੂਲ ਚੰਦ ਸ਼ਰਮਾਂ, ਉੱਘੀ ਕਵਿੱਤਰੀ ਭੁਪਿੰਦਰ ਕੌਰ ਪ੍ਰੀਤ, ਰਿਸ਼ੀ ਹਿਰਦੇਪਾਲ, ਖੁਸ਼ਵੰਤ ਬਰਗਾੜੀ, ਰਾਜਪਾਲ ਸਿੰਘ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਜਸਪਾਲ ਮਾਨਖੇੜਾ, ਲਛਮਣ ਮਲੂਕਾ, ਰਣਵੀਰ ਰਾਣਾ, ਰਣਜੀਤ ਗੌਰਵ, ਪ੍ਰਿੰ. ਬੱਗਾ ਸਿੰਘ, ਸਿਕੰਦਰ ਚੰਦਭਾਨ, ਜਸ ਬਠਿੰਡਾ, ਦਰਸ਼ਨ ਮੌੜ, ਕਵਿੱਤਰੀ ਜਗਜੀਤ ਕੌਰ ਢਿਲਵਾਂ, ਲੋਕ ਧਾਰਾ ਵਿਗਿਆਨੀ ਡਾ. ਗੁਰਮੇਲ ਕੌਰ ਜੋਸ਼ੀ, ਕਰਮਜੀਤ ਰਿੰਪੀ, ਸਨੇਹ ਗੋਸਵਾਮੀ, ਰਮੇਸ਼ ਸੇਠੀ, ਪ੍ਰੋ. ਜਸਪਾਲ ਜੱਸੀ, ਤਰਸੇਮ ਬਸ਼ਰ, ਮੋਹਨਜੀਤ ਪੁਰੀ,ਮਨਜੀਤ ਜੀਤ ,ਮਨਜੀਤ ਬਠਿੰਡਾ,ਗੁਰਮੀਤ ਸਿੰਘ ਭਲਾਈਆਣਾ, ਜਸਕਰਨ ਸਿੰਘ ਸਿਵੀਆਂ, ਰਣਧੀਰ ਸਿੰਘ ਸਿਵੀਆਂ, ਕੁਲਦੀਪ ਬੰਗੀ, ਨਾਵਲਕਾਰਾ ਕਿਰਨਦੀਪ ਕੌਰ ਭਾਈਰੂਪਾ, ਸੁਖਮੰਦਰ ਸਿੰਘ ਬਰਾੜ, ਹੰਸ ਸੋਹੀ, ਦਰਸ਼ਨ ਪ੍ਰੀਤੀਮਾਨ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।