ਪੰਜਾਬ ‘ਚ ਨੂੰਹ-ਸੱਸ ਦੀ ਲੜਾਈ ਕਾਰਨ ਅਜੀਬੋ-ਗਰੀਬ ਸਥਿਤੀ ਬਣੀ, ਇੱਕ ਪਾਣੀ ਵਾਲੀ ਟੈਂਕੀ ਤੇ ਦੂਜੀ ਟਾਵਰ ‘ਤੇ ਚੜ੍ਹੀ

ਪੰਜਾਬ

ਬਰਨਾਲਾ, 22 ਅਕਤੂਬਰ, ਦੇਸ਼ ਕਲਿਕ ਬਿਊਰੋ :
ਬਰਨਾਲਾ ਜ਼ਿਲੇ ਦੇ ਪਿੰਡ ਭਗਤਪੁਰਾ ਮੌੜ ‘ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਸੱਸ ਅਤੇ ਨੂੰਹ ਦੀ ਲੜਾਈ ਵਾਟਰ ਵਰਕਸ ਦੀ ਟੈਂਕੀ ‘ਤੇ ਪਹੁੰਚ ਗਈ। ਨੂੰਹ ਸੰਦੀਪ ਕੌਰ ਨੇ ਘਰ ਵਿੱਚ ਲੜਾਈ ਝਗੜਾ ਹੋਣ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ, ਜਿਸ ’ਤੇ ਅੱਜ ਸ਼ਹਿਣਾ ਪੁਲੀਸ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ। ਜਿਸ ਦੇ ਵਿਰੋਧ ‘ਚ ਸਹੁਰਾ ਪੱਖ ਵਾਲੇ ਲੋਕ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਦੂਜੇ ਪਾਸੇ ਨੂੰਹ ਵੀ ਅਨਾਜ ਮੰਡੀ ਦੇ ਟਾਵਰ ‘ਤੇ ਚੜ੍ਹ ਗਈ।


ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਸੱਸ ਬਬਲੀ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਪਹਿਲਾਂ ਉਸ ਦੀ ਨੂੰਹ ਸੰਦੀਪ ਕੌਰ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਲਟਾ ਪੁਲੀਸ ਸਾਡੇ ਲੋਕਾਂ ਨੂੰ ਚੁੱਕ ਕੇ ਲੈ ਗਈ। ਸਿਆਸੀ ਬਦਲਾਖੋਰੀ ਕਾਰਨ ਸਾਨੂੰ ਇਸ ਕੇਸ ਨਾਲ ਜੋੜਿਆ ਗਿਆ ਅਤੇ ਸਾਨੂੰ ਥਾਣੇ ਭੇਜ ਕੇ ਜ਼ਲੀਲ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਅਸੀਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਾਂ। ਅਸੀਂ ਉਦੋਂ ਤੱਕ ਹੇਠਾਂ ਨਹੀਂ ਉਤਰਾਂਗੇ ਜਦੋਂ ਤੱਕ ਸਾਡੇ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਇਨਸਾਫ ਨਹੀਂ ਮਿਲਦਾ।


ਦੂਜੇ ਪਾਸੇ ਨੂੰਹ ਸੰਦੀਪ ਕੌਰ ਵੀ ਅਨਾਜ ਮੰਡੀ ਵਿੱਚ ਟਾਵਰ ’ਤੇ ਚੜ੍ਹ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗ ਦੇ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਾਨੂੰ ਕੁੱਟਿਆ ਵੀ ਗਿਆ ਹੈ ਅਤੇ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਹੇਠਾਂ ਨਹੀਂ ਉਤਰਾਂਗੇ।
ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਅਤੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ। ਐਸਐਚਓ ਸ਼ਹਿਣਾ ਨੇ ਕਿਹਾ ਕਿ ਦੋਵਾਂ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਸ਼ਾਮ ਤੱਕ ਥਾਣੇ ਵਿੱਚ ਮਾਮਲਾ ਹੱਲ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *