ਮੈਗਾ ਪੀ.ਟੀ.ਐਮ. ਨੇ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦੀ ਨੁਹਾਰ ਬਦਲੀ : ਵਿਦਿਆਰਥੀਆਂ ਤੇ ਮਾਪਿਆਂ ਨੇ ਮੁੱਖ ਮੰਤਰੀ ਨੂੰ ਦਿੱਤੀ ਜਾਣਕਾਰੀ

ਪੰਜਾਬ

ਮੈਗਾ ਪੀ.ਟੀ.ਐਮ. ਦੌਰਾਨ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ

ਚੰਡੀਗੜ੍ਹ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ ;

ਵੱਖ–ਵੱਖ ਖੇਤਰਾਂ ਨਾਲ ਸਬੰਧਤ ਮਾਪਿਆਂ ਅਤੇ ਅਧਿਆਪਕਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਜੀਵਨ ਨੂੰ ਨਵੀਂ ਸੇਧ ਦੇਣ ਵਾਲੇ ਮਹੱਤਵਪੂਰਨ ਉਪਰਾਲਿਆਂ ਦੀ ਸ਼ਲਾਘਾ ਕੀਤੀ।ਮੰਗਲਵਾਰ ਨੂੰ ਇੱਥੇ ਮੈਗਾ ਪੀ.ਟੀ.ਐਮ. ਵਿੱਚ ਸ਼ਿਰਕਤ ਕਰਨ ਆਏ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਮਾਪਿਆਂ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਨੇ ਸਮਾਜਿਕ-ਆਰਥਿਕ ਪਾੜੇ ਨੂੰ ਪੂਰ ਕੇ ਉਨ੍ਹਾਂ ਦੀ ਜ਼ਿੰਦਗੀ ਦੀ ਨੁਹਾਰ ਬਦਲ ਦਿੱਤੀ ਹੈ। ਇਕ ਕਿਸਾਨ ਦੀ ਬੇਟੀ ਅਤੇ ਕਾਰਡੀਓਲਾਜਿਸਟ ਬਣਨ ਦੀ ਇੱਛੁਕ ਮਹਿਕ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੂਲ ਵੱਲੋਂ ਦਿੱਤੀ ਜਾਂਦੀ ਮੁਫਤ ਕੋਚਿੰਗ ਲਈ ਧੰਨਵਾਦ ਕੀਤਾ। ਮਹਿਕ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਨਿਵੇਕਲੀ ਪਹਿਲਕਦਮੀ, ਸਕੂਲ ਆਫ਼ ਐਮੀਨੈਂਸ ਵਰਦਾਨ ਸਾਬਤ ਹੋਇਆ ਹੈ। ਉਸ ਨੇਆਪਣੇ ਟੀਚਿਆਂ ਨੂੰ ਸਰ ਕਰਨ ਵਿੱਚ ਉਸ ਦੀ ਸਹਾਇਤਾ ਕਰਨ ਲਈ ਆਪਣੇ ਅਧਿਆਪਕਾਂ ਦੀ ਪ੍ਰਸੰਸਾ ਵੀ ਕੀਤੀ।ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਅਤੇ ਕਾਨਵੈਂਟ ਸਕੂਲ ਦੇ ਸਾਬਕਾ ਵਿਦਿਆਰਥੀ ਦੀ ਮਾਂ ਆਸ਼ਾ ਰਾਣੀ ਨੇ ਸਕੂਲ ਆਫ਼ ਐਮੀਨੈਂਸ ਬਾਰੇ ਕਿਹਾ ਕਿ ਹਰ ਵਿਦਿਆਰਥੀ ਨੂੰ ਪਾਠ ਪੁਸਤਕਾਂ ਅਤੇ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਸ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਪਾਠਕ੍ਰਮ ਦਾ ਗਿਆਨ ਦੇਣ ਦੇ ਨਾਲ-ਨਾਲ ਨੈਤਿਕ ਕਦਰ-ਕੀਮਤਾਂ ਦੀ ਅਹਿਮੀਅਤ ਬਾਰੇ ਵੀ ਵਿਦਿਆਰਥੀਆਂ ਨੂੰ ਸਮਝਾਇਆ ਜਾਂਦਾ ਹੈ। ਉਨ੍ਹਾਂ ਆਪਣੀ ਧੀ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਉਣ ਦੇ ਆਪਣੇ ਫੈਸਲੇ ਨੂੰ ਵਾਜਿਬ ਤੇ ਦਰੁਸਤ ਦੱਸਿਆ।ਵਿਦਿਆਰਥੀ ਗੁਰਪ੍ਰੀਤ ਦੇ ਪਿਤਾ ਘਨਸ਼ਿਆਮ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਡਾਕਟਰ ਬਣਨ ਦਾ ਸੁਪਨਾ ਸਕੂਲ ਆਫ ਐਮੀਨੈਂਸ ਦੀ ਬਦੌਲਤ ਸਾਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਬਾਂਹ ਫੜੀ ਹੈ।ਦਰਸ਼ਨਾ ਰਾਣੀ, ਜੋ ਇੱਕ ਮਜ਼ਦੂਰ ਦੀ ਪਤਨੀ ਹੈ, ਨੇ ਕਿਫ਼ਾਇਤੀ ਕੋਚਿੰਗ ਲਈ ਧੰਨਵਾਦ ਕੀਤਾ, ਜਿਸ ਨੇ ਉਸ ਦੇ ਪੁੱਤਰ ਨੂੰ ਐਨ.ਡੀ.ਏ. ਪ੍ਰੀਖਿਆ ਦੇਣ ਦਾ ਸੁਪਨਾ ਸਾਕਾਰ ਕਰਨ ਦੇ ਸਮਰੱਥ ਬਣਾਇਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਸੁਪਨੇ ਤਾਂ ਹੀ ਪੂਰੇ ਹੋਣ ਜਾ ਰਹੇ ਹਨ ਕਿਉਂਕਿ ਮੁੱਖ ਮੰਤਰੀ ਨੇ ਸੂਬੇ ਵਿੱਚ ਸਿੱਖਿਆ ਖੇਤਰ ਨੂੰ ਸੁਰਜੀਤ ਕੀਤਾ ਹੈ।ਗੰਗੂਵਾਲ ਦੀ ਪ੍ਰਾਚੀ, ਜੋ ਕਿ ਕਾਨਵੈਂਟ ਸਕੂਲ ਦੀ ਸਾਬਕਾ ਵਿਦਿਆਰਥਣ ਹੈ, ਨੇ ਸਕੂਲ ਆਫ ਐਮੀਨੈਂਸ ਵਿੱਚ ਉਸ ਨੂੰ ਦਾਖਲ ਕਰਵਾਉਣ ਦੇ ਆਪਣੇ ਮਾਪਿਆਂ ਦੇ ਫੈਸਲੇ ਦੀ ਸ਼ਲਾਘਾ ਕੀਤੀ। ਪ੍ਰਾਚੀ ਨੇ ਕਿਹਾ ਕਿ ਸਕੂਲ ਵਿੱਚ ਪਾਠਕ੍ਰਮ ਅਤੇ ਢੁਕਵਾਂ ਵਾਤਾਵਰਨ ਬਹੁਤ ਜ਼ਰੂਰੀ ਹੈ, ਜੋ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਵਰਦਾਨ ਸਾਬਤ ਹੋ ਸਕਦਾ ਹੈ।ਅਮਨਪ੍ਰੀਤ ਕੌਰ, ਜਿਸ ਦੇ ਪਿਤਾ ਦਿਲ ਦੇ ਮਰੀਜ਼ ਹਨ, ਨੇ ਕਿਹਾ ਕਿ ਉਹ ਹੁਣ ਐਨਡੀਏ ਦੀ ਪ੍ਰੀਖਿਆ ਪਾਸ ਕਰਨ ਲਈ ਪੂਰੀ ਦ੍ਰਿੜ੍ਹ ਤੇ ਆਸਵੰਦ ਹੈ। ਉਸ ਨੇ ਕਿਹਾ ਕਿ ਸਕੂਲ ਉਸ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਹੈ ,ਜੋ ਉਸ ਨੂੰ ਆਪਣੇ ਕਾਨਵੈਂਟ ਤੋਂ ਪੜ੍ਹੇ ਸਾਥੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ।ਗੰਭੀਰਪੁਰ ਨਿਵਾਸੀ ਅਤੇ ਆਪਣੇ ਪਿਤਾ ਨੂੰ ਗੁਆ ਚੁੱਕੀ ਵਿਦਿਆਰਥਣ ਨੇ ਸਹਾਇਤਾ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਸਕੂਲ ਆਫ਼ ਐਮੀਨੈਂਸ ਦੀਆਂ ਪਹਿਲਕਦਮੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਆਵਾਜਾਈ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ।ਇਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੀ.ਟੀ.ਐਮ ਦੀ ਇਤਿਹਾਸਕ ਪਹਿਲਕਦਮੀ ਮਾਪਿਆਂ ਲਈ ਇੱਕ ਵੱਡਾ ਹੁਲਾਰਾ ਹੈ ਕਿਉਂਕਿ ਉਹ ਬੜਾ ਸਹਿਜ ਹੀ ਸਕੂਲ ਦੇ ਮਾਹੌਲ ਦਾ ਨਿਰਣਾ ਕਰ ਸਕਦੇ ਹਨ ਅਤੇ ਆਪਣੇ ਬੱਚੇ ਦੀ ਕਾਰਗੁਜ਼ਾਰੀ ਦੀ ਨਿਯਮਤ ਨਜ਼ਰਸਾਨੀ ਕਰ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕ, ਵਿਦਿਆਰਥੀਆਂ ਦੇ ਪਰਿਵਾਰਕ ਪਿਛੋਕੜ ਦੇ ਨਾਲ-ਨਾਲ ਉਨ੍ਹਾਂ ਦੀਆਂ ਆਦਤਾਂ ਅਤੇ ਪਸੰਦਾਂ ਦਾ ਵੀ ਅਨੁਮਾਨ ਲਗਾ ਸਕਦੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਦੇ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਕਿਉਂਕਿ ਵਿਦਿਆਰਥੀਆਂ ਦੀ ਭਲਾਈ ਤੋਂ ਵੱਧ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਵਿੱਚ ਵਿਸ਼ਵਾਸ ਨਹੀਂ ਸੀ ਪਰ ਹੁਣ ਇਹ ਸਕੂਲ ਆਧੁਨਿਕ ਵਿੱਦਿਆ ਦੇ ਮੰਦਰਾਂ ਵਿੱਚ ਤਬਦੀਲ ਹੋ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਾਨਵੈਂਟ ਸਕੂਲਾਂ ਤੋਂ ਦਾਖਲਾ ਪ੍ਰੀਖਿਆ ਦੇਣ ਤੋਂ ਬਾਅਦ ਸਕੂਲ ਆਫ ਐਮੀਨੈਂਸ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਸਕੱਤਰ ਸਿੱਖਿਆ ਕੇ.ਕੇ.ਯਾਦਵ ਤੇ ਹੋਰਨਾਂ ਵੱਲੋਂ ਮੁੱਖ ਮੰਤਰੀ ਦਾ ਸਵਾਗਤ ਕੀਤਾ ਗਿਆ।

Latest News

Latest News

Leave a Reply

Your email address will not be published. Required fields are marked *