ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਸੰਧਵਾਂ ਨੇ ਮੋਰਿੰਡਾ ਦੀ ਅਨਾਜ ਮੰਡੀ ਦਾ ਕੀਤਾ ਅਚਨਚੇਤ ਦੌਰਾ

ਪੰਜਾਬ

ਮੋਰਿੰਡਾ 23 ਅਕਤੂਬਰ ( ਭਟੋਆ )

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਗੁਦਾਮਾਂ ਤੇ ਸ਼ੈਲਰਾਂ ਵਿੱਚ ਪਏ ਪਿਛਲੇ ਸਾਲ ਦੇ ਝੋਨੇ ਦੀ ਲਿਫਟਿੰਗ ਨਾ ਕਰਵਾ ਕੇ ਜਿੱਥੇ ਸੂਬੇ ਦੀ ਆਰਥਿਕਤਾ ਨੂੰ ਢਾਹ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ ਉੱਥੇ ਹੀ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਕਾਰਨ ਸਮੂਹ ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਵਿਸ਼ਾਲ ਯੋਜਨਾ ਬੰਦੀ ਤੇ ਕੰਮ ਕਰ ਰਹੀ ਹੈ ਪਰੰਤੂ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਸੂਬੇ ਦੇ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਦੇ ਝੋਨੇ ਦੀ ਖਰੀਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਮੋਰਿੰਡਾ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਅਤੇ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ  ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਮੌਕੇ ਤੇ ਗੱਲ ਕਰਦਿਆਂ ਸ੍ਰੀ ਸੰਧਵਾਂ ਨੇ ਕਿਹਾ ਕਿ ਪਿਛਲੇ ਸੀਜ਼ਨ ਦੇ ਖਰੀਦੇ ਗਏ ਝੋਨੇ ਅਤੇ ਚਾਵਲਾਂ ਦੀ ਲਿਫਟਿੰਗ ਕਰਵਾਉਣੀ ਅਤੇ ਝੋਨਾ ਰੱਖਣ ਲਈ ਜਗਾ ਦਾ ਪ੍ਰਬੰਧ ਕਰਨਾ  ਕੇਂਦਰ ਸਰਕਾਰ ਦੇ ਜਿੰਮੇਵਾਰੀ ਹੈ ਪ੍ਰੰਤੂ ਕੇਂਦਰ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਕੇ ਇਸ ਲਈ ਪੰਜਾਬ ਸਰਕਾਰ ਸਿਰ ਠੀਕਰਾ ਭੰਨ ਰਹੀ ਹੈ ਜਦਕਿ ਪੰਜਾਬ ਸਰਕਾਰ ਹਰ ਸਮੇਂ ਕਿਸਾਨਾਂ ਦੇ ਨਾਲ ਖੜੀ ਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜਿੱਥੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿੱਚ ਖੜੋਤ ਆਈ ਹੈ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਰੂਰਲ ਡਿਵੈਲਪਮੈਂਟ ਫੰਡ ਨੈਸ਼ਨਲ ਰੂਰਲ ਹੈਲਥ ਮਿਸ਼ਨ ਸਰਬ ਸਿੱਖਿਆ ਅਭਿਆਨ ਤਹਿਤ ਪੰਜਾਬ ਸਰਕਾਰ ਦੇ 10 ਹਜਾਰ ਕਰੋੜ ਰੁਪਏ ਤੋਂ ਵੱਧ ਫੰਡ ਰੋਕ ਕੇ ਸੂਬੇ ਦੀ ਵਿਕਾਸ ਨੂੰ ਠੱਪ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ ,ਜਿਸ ਲਈ ਪੰਜਾਬ ਸਰਕਾਰ ਵੱਲੋਂ ਰਾਜਨੀਤਿਕ ਲੜਾਈ ਦੇ ਨਾਲ ਨਾਲ ਸੁਪਰੀਮ ਕੋਰਟ ਵਿੱਚ ਅਦਾਲਤੀ ਲੜਾਈ ਵੀ ਲੜੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਆਪਣੇ ਹੱਕ ਮਿਲ ਸਕਣ। ਉਹਨਾਂ ਕਿਹਾ  ਕਿ ਕੇਂਦਰ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਨੂੰ ਚਾਵਲਾਂ ਸਬੰਧੀ ਜੋ ਰਾਹਤ ਦੇਣੀ ਹੈ, ਉਸ ਸਬੰਧੀ ਫੈਸਲਾ ਤੁਰੰਤ ਲੈਣ ਦੀ ਲੋੜ ਹੈ ਤਾਂ ਜੋ ਕੇਂਦਰ ਝੋਨੇ ਦੀ ਖਰੀਦ ਉੱਤੇ ਲਿਫਟਿੰਗ ਨਿਰਵਿਘਨ ਚਾਲੂ ਰਹਿ ਸਕੇ ਇਸ ਮੌਕੇ ਤੇ ਆੜਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ ਨੇ ਸ੍ਰੀ ਸੰਧਵਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੋਰਿੰਡਾ ਮੰਡੀ ਵਿੱਚੋਂ ਝੋਨੇ ਦੀ ਲਿਫਟਿੰਗ ਨਾ ਹੋਣਾ ਮੁੱਖ ਮੁਸ਼ਕਲ ਹੈ ਜਿਸ ਕਾਰਨ ਮੰਡੀ ਵਿੱਚ ਝੋਨਾ ਰੱਖਣ ਦੀ ਥਾਂ ਨਹੀਂ ਹੈ। ਹਾਈਬ੍ਰੀਡ ਝੋਨੇ ਦੀ ਖਰੀਦ ਦੇ ਮਾਮਲੇ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਸੀ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਇਸ ਸਬੰਧੀ ਝੋਨੇ ਦੀ ਬਜਾਈ ਸਮੇਂ ਸਥਿਤੀ ਸਪਸ਼ਟ ਕਰਨੀ ਚਾਹੀਦੀ ਸੀ ਨਾ ਕਿ ਹੋਣ ਝੋਨੇ ਦੀ ਖਰੀਦ ਸਮੇਂ ਇਸ ਸਬੰਧੀ ਬਬਾਲ ਖੜਾ ਕਰਨ ਦੀ ਲੋੜ ਸੀ । ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਸਬੰਧੀ ਲਗਾਤਾਰ ਦਿੱਤੇ ਜਾ ਰਹੇ ਧਰਨਿਆਂ ਕਾਰਨ ਪਰੇਸ਼ਾਨ ਹੋ ਰਹੀ ਪਬਲਿਕ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਸੰਧਵਾਂ ਨੇ ਕਿਹਾ ਕਿ ਧਰਨੇ ਲਗਾਉਣੇ ਹਰੇਕ ਜਥੇਬੰਦੀ ਦਾ ਜਮਹੂਰੀ ਹੱਕ ਹੈ ਪ੍ਰੰਤੂ ਕਿਉਂਕਿ ਪੰਜਾਬ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਨਾਲ ਖੜੀ ਹੈ ਇਸ ਲਈ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਦੇ ਅਸਲ ਜਿੰਮੇਵਾਰ ਕੇਂਦਰ ਸਰਕਾਰ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸੀਜਨ ਵਿਚ  ਕਣਕ ਤੇ ਗੰਨੇ ਦੀ ਫਸਲ  ਬਿਜਾਈ ਸਮੇਂ ਸਿਰ ਹੋ ਸਕੇ।

ਇਸੇ ਦੌਰਾਨ ਕਿਸਾਨ ਆਗੂ ਰੱਖਾ ਸਿੰਘ ਦੁੱਮਣਾ ਨੇ ਸ੍ਰੀ ਸੰਧਵਾਂ ਨੂੰ ਦੱਸਿਆ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਮੰਡੀਆਂ ਅਤੇ ਖੇਤਾਂ ਵਿੱਚ ਰੁਲ ਰਹੀ ਹੈ, ਪ੍ਰੰਤੂ ਸੂਬਾ ਸਰਕਾਰ ਇਸ ਸਬੰਧੀ ਕੋਈ ਸਾਰਥਕ ਕਦਮ ਨਹੀਂ ਚੁੱਕ ਰਹੀ । ਉਹਨਾਂ ਦੱਸਿਆ ਕਿ ਪਿਛਲੇ ਸਾਲ ਦੇ ਝੋਨੇ ਦੀ ਲਿਫਟਿੰਗ ਕਰਵਾਉਣੀ ਅਤੇ ਇਸ ਸਾਲ ਖਰੀਦੇ ਜਾਣ ਵਾਲੇ ਝੋਨੇ ਨੂੰ ਸਟੋਰ ਕਰਨ ਲਈ ਜਗ੍ਹਾ ਦਾ ਪ੍ਰਬੰਧ ਕਰਨਾ ਸੂਬਾ ਸਰਕਾਰ ਦੀ ਜਿੰਮੇਵਾਰੀ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਆੜਤੀਆਂ ਤੇ ਸ਼ੈਲਰ ਮਾਲਕਾਂ ਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਸਿੱਧਾ ਸਬੰਧ ਸੂਬਾ ਸਰਕਾਰ ਨਾਲ ਹੈ ਪਰੰਤੂ ਸੂਬਾ ਸਰਕਾਰ ਇਹਨਾਂ ਮੁਸ਼ਕਿਲ ਨੂੰ ਹੱਲ ਕਰਨ ਵਿੱਚ ਨਾਕਾਮ ਰਹੀ ਹੈ  ਜਿਸ ਕਾਰਨ ਮੰਡੀ ਵਿੱਚੋਂ ਸਹੀ ਤਰੀਕੇ ਨਾਲ ਝੋਨੇ ਦੀ ਖਰੀਦ ਨਹੀਂ ਹੋ ਰਹੀ । ਉਹਨਾਂ ਇਹ ਵੀ ਦੱਸਿਆ ਕਿ ਕਿਸਾਨਾਂ ਵੱਲੋਂ ਆਲੂ, ਗੰਨਾ ਤੇ ਕਣਕ ਦੀ ਬਿਜਾਈ ਕੀਤੀ ਜਾਣੀ  ਹੈ, ਪਰੰਤੂ ਮਾਰਕੀਟ ਵਿੱਚ ਡੀਏਪੀ ਦੀ ਭਾਰੀ ਕਮੀ ਹੈ । ਇਸ ਮੌਕੇ ਤੇ ਕਿਸਾਨ ਅਜਾਇਬ ਸਿੰਘ ਸ੍ਰੀ ਸੰਧਵਾਂ ਨੂੰ ਦੱਸਿਆ ਕਿ  ਉਹ ਮੰਡੀ ਵਿੱਚ ਪਿਛਲੇ 10 ਦਿਨਾਂ ਤੋਂ ਬੈਠੇ ਹਨ  ਅਤੇ ਉਹਨਾਂ ਦੇ ਝੋਨੇ ਵਿੱਚ ਨਮੀ ਵੀ ਘੱਟ ਕੇ 12 ‐  13% ਰਹਿ ਗਈ ਹੈ,  ਪ੍ਰੰਤੂ ਹਾਲੇ ਵੀ ਕੋਈ ਖਰੀਦ ਏਜੰਸੀ ਝੋਨੇ ਦੀ ਖਰੀਦ ਕਰਨ ਲਈ ਨਹੀਂ ਆਈ, ਜਿਸ ਕਾਰਨ ਉਹ ਪਰੇਸ਼ਾਨੀ ਦੇ ਆਲਮ ਵਿੱਚ ਹਨ । ਇਸ ਮੌਕੇ ਤੇ ਹਾਜ਼ਰ ਐਸਡੀਐਮ ਮੋਰਿੰਡਾ ਸ੍ਰੀ ਸੁਖਪਾਲ ਸਿੰਘ ਨੇ ਸ੍ਰੀ ਸੰਧਵਾਂ ਨੂੰ ਦੱਸਿਆ ਕਿ ਮੋਰਿੰਡਾ ਵਿੱਚ 14 ਸ਼ੈਲਰ ਹਨ ਜਿਨਾਂ ਵਿੱਚੋਂ 8 ਸ਼ੈਲਰ ਮਾਲਕਾਂ ਨਾਲ ਐਗਰੀਮੈਂਟ ਕੀਤੇ ਜਾ ਚੁੱਕੇ ਹਨ ਅਤੇ ਮੰਡੀ ਵਿੱਚੋਂ ਰੋਜਾਨਾ 35 ਤੋਂ 50 ਗੱਡੀਆਂ ਰਾਹੀਂ ਝੋਨੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਡਾਕਟਰ ਚਰਨਜੀਤ ਸਿੰਘ ਨੇ ਸਪੀਕਰ ਸ੍ਰੀ ਸੰਧਵਾਂ ਨੂੰ ਦੱਸਿਆ ਕਿ ਮੋਰਿੰਡਾ ਦੀ ਅਨਾਜ ਮੰਡੀ ਵਿੱਚੋਂ ਅੱਜ ਤੱਕ 116872. 825 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਜਿਸ ਵਿੱਚੋਂ 11327.250 ਕੁਇੰਟਲ  ਝੋਨੇ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ ਉਹਨਾਂ ਦੱਸਿਆ ਕਿ ਝੋਨੇ ਦੀ ਲਿਫਟਿੰਗ ਤੇ ਖਰੀਦ ਨੂੰ ਲੈ ਕੇ ਜਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਐਸਡੀਐਮ ਮੋਰਿੰਡਾ ਸ੍ਰੀ ਸੁਖਪਾਲ ਸਿੰਘ, ਡੀਐਸਪੀ ਮੋਰਿੰਡਾ ਜਤਿੰਦਰ ਪਾਲ ਸਿੰਘ ਮੱਲੀ, ਐਸ ਐਚ ਓ ਮੋਰਿੰਡਾ ਸ਼ਹਿਰੀ ਇੰਸਪੈਕਟਰ ਸੁਨੀਲ ਕੁਮਾਰ, ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਸ੍ਰੀ ਐਨਪੀ ਰਾਣਾ ਸਕੱਤਰ ਰਵਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਜਸਵੰਤ ਸਿੰਘ ਮਾਹਲ, ਪਨਗ੍ਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ ਐਡਵੋਕੇਟ ਜਰਨੈਲ ਸਿੰਘ ਸਖੋ ਮਾਜਰਾ ਜਗਤਾਰ ਸਿੰਘ ਘੜੂੰਆਂ ਰਾਜਸੀ ਸਕੱਤਰ ਸਮੇਤ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਆਪ ਆਗੂ ਅਤੇ ਵਲੰਟੀਅਰ ਹਾਜ਼ਰ ਸਨ।

Leave a Reply

Your email address will not be published. Required fields are marked *