ਬਠਿੰਡਾ, 23 ਅਕਤੂਬਰ : ਦੇਸ਼ ਕਲਿੱਕ ਬਿਓਰੋ
ਵਿੱਤ ਕਮਿਸ਼ਨਰ ਕਰ ਵਿਭਾਗ, ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੀ ‘ਬਿੱਲ ਲਿਆਓ ਇਨਾਮ ਪਾਓ’ ਮੁਹਿੰਮ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ ਰਾਜ ਕਰ ਸ਼੍ਰੀਮਤੀ ਪ੍ਰਭਦੀਪ ਕੌਰ ਦੀ ਰਹਿਨੁਮਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਜਿਲ੍ਹੇ ਦੇ 12 ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦੌਰਾਨ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਟੈਕਸ ਦੀ ਕੁਲੈਕਸ਼ਨ ਨੂੰ ਹੋਰ ਬਿਹਤਰ ਕਰਨ ਲਈ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਜਾਰੀ ਕੀਤੀ ਗਈ ਹੈ। ਉਨ੍ਹਾਂ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਬਜਾਰ ਵਿੱਚ ਖਰੀਦਦਾਰੀ ਕਰਨ ਸਮੇਂ ਦੁਕਾਨਦਾਰਾਂ ਤੋਂ ਬਿੱਲ ਜ਼ਰੂਰ ਲੈਣ। ਇਸ ਤੋਂ ਇਲਾਵਾ ਇਸ ਬਿੱਲ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਕੀਮ ‘ਬਿੱਲ ਲਿਆਓ ਇਨਾਮ ਪਾਓ’ ਤਹਿਤ ਬਣਾਈ ‘ਮੇਰਾ ਬਿੱਲ’ ਐਪ ਉੱਪਰ ਬਿੱਲ ਅਪਲੋਡ ਕਰਨ।
ਉਨ੍ਹਾਂ ਦੱਸਿਆ ਕਿ ਮੋਬਾਇਲ ਦੇ ਪਲੇਅ ਸਟੋਰ ਤੋਂ ‘ਮੇਰਾ ਬਿੱਲ’ ਐਪ ਡਾਊਨਲੋਡ ਕਰਨ ਉਪਰੰਤ ਇਸ ਐਪ ਉੱਪਰ ਗ੍ਰਾਹਕ ਵੱਲੋਂ ਖਰੀਦੀ ਗਈ ਵਸਤੂ ਦੇ ਲਏ ਗਏ ਬਿੱਲ ਨੂੰ ਅਪਲੋਡ ਕੀਤਾ ਜਾਵੇ। ਅਪਲੋਡ ਕੀਤੇ ਗਏ ਬਿੱਲਾਂ ਵਿੱਚੋਂ ਜਿਲ੍ਹਾ ਬਠਿੰਡਾ ਦੇ 10 ਬਿੱਲਾਂ ਦੇ ਵੱਖ-ਵੱਖ ਗ੍ਰਾਹਕਾਂ (ਖਰੀਦਦਾਰਾਂ) ਨੂੰ ਅਗਲੇ ਮਹੀਨੇ ਦੀ 7 ਤਰੀਖ ਨੂੰ ਲੱਕੀ ਡਰਾਅ ਰਾਹੀਂ 10,000 ਰੁਪਏ (ਵੱਧ ਤੋਂ ਵੱਧ) ਦਾ ਇਨਾਮ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਰਾਹੀਂ ਅਸੀਂ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਈਏ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਬਜਾਰ ਵਿੱਚ ਕੀਤੀ ਗਈ ਖਰੀਦਦਾਰੀ ਉਪਰੰਤ ਦੁਕਾਨਦਾਰਾਂ ਤੋਂ ਬਿੱਲ ਜ਼ਰੂਰ ਲਿਆ ਜਾਵੇ।
Published on: ਅਕਤੂਬਰ 23, 2024 3:26 ਬਾਃ ਦੁਃ