ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਕਾਲੀ ਦਲ ਨਿਵਾਣ ਵੱਲ

ਪੰਜਾਬ ਲੇਖ

ਕੁਲਵੰਤ ਕੋਟਲੀ

ਸ਼੍ਰੋਮਣੀ ਅਕਾਲੀ ਦਲ, ਕਦੇ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਰਿਹਾ ਹੈ ਜਿਸਨੇ ਸਿੱਖ ਧਰਮ ਦੀ ਨੁਮਾਇੰਦਗੀ ਕਰਦੇ ਹੋਏ ਕਈ ਵਾਰ ਸੂਬੇ ਦੀ ਸਿਆਸਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪਾਰਟੀ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਤੱਕ ਇਸ ਦਲ ਨੂੰ ਅੱਗੇ ਲੈ ਕੇ ਚੱਲਦੇ ਰਹੇ। ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਕਈ ਵਾਰ ਸਰਕਾਰ ਬਣਾਈ। ਸੱਤਾ ਤੋਂ ਬਾਹਰ ਹੁੰਦੇ ਹੋਏ ਵਿਰੋਧੀ ਧਿਰ ਵਿੱਚ ਵੀ ਆਪਣੇ ਠੋਸ ਸਿਆਸੀ ਦਬਦਬਾ ਕਾਇਮ ਰੱਖਿਆ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਵਿਛੋੜੇ ਤੋਂ ਬਾਅਦ ਪਾਰਟੀ ਲਗਾਤਾਰ ਨਿਵਾਣ ਵੱਲ ਜਾ ਰਹੀ ਹੈ।


2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਝਟਕਾ


ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਕਈ ਵਾਰ ਚੋਣਾਂ ਜਿੱਤ ਕੇ ਸੱਤਾ ਹਾਸਿਲ ਕੀਤੀ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਪਾਰਟੀ ਦੇ ਹਾਲਾਤ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ। ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਕਿਲ੍ਹੇ ਹਲਕੇ ਲੰਬੀ ਤੋਂ ਚੋਣ ਹਾਰ ਗਏ, ਜਦਕਿ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਵੀ ਆਪਣੀ ਸੀਟ ਕਾਇਮ ਰੱਖਣ ਵਿੱਚ ਅਸਫਲ ਰਹੇ। ਅਕਾਲੀ ਦਲ ਦੇ ਸਿਰਫ ਤਿੰਨ ਵਿਧਾਇਕ ਹੀ ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹ ਸਕੇ।


ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਪਾਰਟੀ ਵਿੱਚ ਉਥਲ-ਪੁਥਲ


ਪ੍ਰਕਾਸ਼ ਸਿੰਘ ਬਾਦਲ ਦੇ ਦੀ ਮੌਤ ਹੋ ਜਾਣ ਤੋਂ ਬਾਅਦ, ਅਕਾਲੀ ਦਲ ਵੱਡੀਆਂ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਹਨਾਂ ਦੀ ਮੌਤ ਤੋਂ ਬਾਅਦ ਲੜੀਆਂ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਹੋਈ। ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਤੇ ਅਕਾਲੀ ਦਲ ਵਿਚੋਂ ਹੀ ਸਵਾਲ ਉਠਣ ਲੱਗੇ। ਹਾਰਾਂ ਦੇ ਸਿਲਸਿਲੇ ਨੇ ਪਾਰਟੀ ਅੰਦਰ ਫੂਟ ਨੂੰ ਹੋਰ ਉਭਾਰਿਆ। ਕਈ ਆਗੂ ਬਾਗੀ ਹੋ ਕੇ ਸੁਖਬੀਰ ਬਾਦਲ ਤੋਂ ਪ੍ਰਧਾਨੀ ਤੋਂ ਅਸਤੀਫਾ ਮੰਗਣ ਲੱਗੇ। ਜਦੋਂ ਸੁਖਬੀਰ ਨੇ ਅਸਤੀਫਾ ਨਹੀਂ ਦਿੱਤਾ ਤਾਂ ਬਾਗੀਆਂ ਨੇ ਅਕਾਲੀ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ, ਜਿਸ ਕਾਰਨ ਅਕਾਲੀ ਦਲ ਹੋਰ ਵੰਡਿਆ ਗਿਆ। ਅਕਾਲੀ ਦਲ ਨੇ ਵੀ ਬਾਗੀਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ।


ਅਕਾਲ ਤਖਤ ਸਾਹਿਬ ‘ਤੇ ਸ਼ਿਕਾਇਤ ਅਤੇ ਸੁਖਬੀਰ ਨੂੰ ਤਨਖਾਹੀਆ ਐਲਾਨਾਂ


ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦੇ ਹੋਏ ਜਦੋਂ ਅਕਾਲੀ ਦਲ ਸੱਤਾ ਵਿੱਚ ਸੀ ਕਈ ਪੰਥਕ ਘਟਨਾਵਾਂ ਵਾਪਰੀਆਂ। ਉਸ ਸਮੇਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਨ। ਵਾਪਰੀਆਂ ਘਟਨਾਵਾਂ ਨੂੰ ਲੈ ਕੇ ਬਾਗੀ ਧਿਰ ਨੇ ਅਕਾਲ ਤਖਤ ਸਾਹਿਬ ਉਤੇ ਸ਼ਿਕਾਇਤ ਕੀਤੀ ਅਤੇ ਸੁਖਬੀਰ ਸਿੰਘ ਬਾਦਲ ਉਤੇ ਗੰਭੀਰ ਦੋਸ਼ ਲਗਾਏ। ਇਸ ਸ਼ਿਕਾਇਤ ਦੇ ਸੰਦਰਭ ਵਿੱਚ, ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ। ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਮੰਗਿਆ। ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਦਾ ਪੱਖ ਸੁਣਨ ਤੋਂ ਬਾਅਦ ਉਸ ਨੂੰ ਤਨਖਾਹੀਆ ਐਲਾਨ ਦਿੱਤਾ।


ਚੋਣਾਂ ’ਚ ਨਮੋਸ਼ੀ


ਪਿਛੇ ਹੋਈ ਜਲੰਧਰ ਵਿਖੇ ਵਿਧਾਨ ਸਭਾ ਦੀ ਜਿਮਨੀ ਚੋਣ ਵਿੱਚ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਹੋਈ ਹਾਰ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਹੁਣ ਪੰਜਾਬ ਵਿੱਚ 4 ਵਿਧਾਨ ਸਭਾ ਸੀਟਾਂ ਉਤੇ ਹੋ ਰਹੀ ਜਿਮਨੀ ਚੋਣਾਂ ਵਿਚੋਂ ਵੀ ਅਕਾਲੀ ਦਲ ਬਾਹਰ ਹੋ ਗਿਆ ਹੈ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਅਕਾਲੀ ਦਲ ਨੇ ਕੋਈ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ ।ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਫੈਸਲਾ ਕਰ ਦਿੱਤਾ ਕਿ ਜੇ ਸੁਖਬੀਰ ਚੋਣ ਨਹੀਂ ਲੜ ਸਕਦੇ, ਪ੍ਰਚਾਰ ਕਰ ਨਹੀਂ ਸਕਦੇ ਤਾਂ ਫਿਰ ਚੋਣ ਨਾ ਲੜੀ ਜਾਵੇ। ਇਹ ਵੀ ਜ਼ਿਕਰਯੋਗ ਹੈ ਕਿ ਅੱਤਵਾਦ ਦੇ ਦੌਰ ਸਮੇਂ 1992 ਵਿੱਚ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ।
ਹੁਣ ਅਕਾਲੀ ਦਲ ਚੋਣ ਨਹੀਂ ਲੜ ਰਿਹਾ ਤਾਂ ਉਸ ਸਮੇਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਹਲਕੇ ਦਾ ਕੇਡਰ ਤੇ ਵੋਟਰ ਕਿਹੜੇ ਪਾਸੇ ਜਾਣਗੇ। ਚੋਣ ਨਾ ਲੜਨ ਨਾਲ ਅਕਾਲੀ ਦਲ ਨਾਲ ਜੁੜੇ ਕੇਡਰ ਵਿੱਚ ਨਿਰਾਸ਼ਾ ਪੈਦਾ ਹੋਵੇਗੀ। ਜਦੋਂ ਕੇਡਰ ਤੇ ਨਾਲ ਜੁੜੇ ਲੋਕ ਨਿਰਾਸ਼ ਹੋਣਗੇ ਤਾਂ ਉਨ੍ਹਾਂ ਦਾ ਝੁਕਾਅ ਕਿਸੇ ਹੋਰ ਪਾਸੇ ਵੀ ਹੋ ਸਕਦਾ ਹੈ। ਚੋਣ ਲੜਨ ਨਾ ਲੜਨ ਦਾ ਅਕਾਲੀ ਦਲ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਅਕਾਲੀ ਦਲ, ਜੋ ਕਦੇ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ ਸੀ, ਹੁਣ ਅਗਵਾਈ ਦੀ ਕਮੀ ਅਤੇ ਸਿਆਸੀ ਗਲਤਫ਼ਹਮੀਆਂ ਕਾਰਨ ਇੱਕ ਮੁਸ਼ਕਿਲ ਦੌਰ ਦਾ ਸਾਹਮਣਾ ਕਰ ਰਹੀ ਹੈ।

Latest News

Latest News

Leave a Reply

Your email address will not be published. Required fields are marked *