ਦਲਜੀਤ ਕੌਰ
ਚੰਡੀਗੜ੍ਹ, 24 ਅਕਤੂਬਰ, 2024: ਝੋਨੇ ਦੀ ਖਰੀਦ ਅਤੇ ਚੁਕਾਈ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 8 ਦਿਨਾਂ ਤੋਂ 51ਥਾਂਵਾਂ ‘ਤੇ ਪੱਕੇ ਮੋਰਚੇ ਜਾਰੀ ਹਨ। ਜੀਹਦੇ ਤਹਿਤ 8 ਦਿਨਾਂ ਤੋਂ 26 ਟੌਲ ਫਰੀ ਕੀਤੇ ਹੋਏ ਹਨ, ਅਤੇ 25 ਥਾਵਾਂ ਤੇ ਆਮ ਆਦਮੀ ਪਾਰਟੀ ਮੰਤਰੀਆਂ/ਵਿਧਾਇਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ/ਦਫਤਰਾਂ ਅੱਗੇ ਧਰਨੇ ਚੱਲ ਰਹੇ ਹਨ। ਪਰ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਤੋਂ ਲਗਾਤਾਰ ਮੁਜਰਮਾਨਾ ਘੇਸਲ ਵੱਟੀ ਹੋਈ ਹੈ। ਜਥੇਬੰਦੀ ਦੇ ਫੈਸਲੇ ਅਨੁਸਾਰ ਕੱਲ੍ਹ 25 ਅਕਤੂਬਰ ਨੂੰ ਪੰਜਾਬ ਦੀਆਂ ਸੰਘਰਸ਼ੀ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਜਾਮ ਦਾ ਸੱਦੇ ਨਾਲ ਤਾਲਮੇਲ ਕਰਦਿਆਂ ਕਾਰਪੋਰੇਟ ਘਰਾਣਿਆਂ ਦੇ ਮਾਲਾਂ ਦੇ ਘਿਰਾਓ ਕੀਤੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿੱਥੇ ਕਾਰਪੋਰੇਟ ਘਰਾਣਿਆਂ ਦੀ ਜਥੇਬੰਦੀ ਸੰਸਾਰ ਵਪਾਰ ਸੰਸਥਾ ਵੱਲੋਂ ਖੁੱਲ੍ਹੀ ਮੰਡੀ ਰਾਹੀਂ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕਰਨ ਦੀਆਂ ਨੀਤੀਆਂ ਲਾਗੂ ਕਰਵਾਈਆਂ ਜਾ ਰਹੀਆਂ ਹਨ, ਉੱਥੇ ਵੱਡੇ ਮਾਲਾਂ ਰਾਹੀਂ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਫੇਲ੍ਹ ਕੀਤੇ ਜਾ ਰਹੇ ਹਨ। ਇਸ ਕਰਕੇ ਇਹ ਕਾਰਪੋਰੇਟ ਘਰਾਣੇ ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਦੇ ਸਾਂਝੇ ਦੁਸ਼ਮਣ ਹਨ। ਪਿੰਡਾਂ ਸ਼ਹਿਰਾਂ ਦੇ ਦੁਕਾਨਦਾਰਾਂ ਤੇ ਕਿਸਾਨਾਂ ਦੀ ਇਹ ਲੜਾਈ ਸਾਂਝੀ ਬਣਦੀ ਹੈ। ਉਹਨਾਂ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕਾਰਪਰੇਟਾਂ ਹੱਥੋਂ ਆਪਣੇ ਕਾਰੋਬਾਰ ਖਤਮ ਕਰਨ ਦੀ ਨੀਤੀ ਨੂੰ ਰੋਕਣ ਲਈ ਮਾਲਾਂ ਦੇ ਘਿਰਾਓ ਸਮੇਂ ਵੱਧ ਵੱਧ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਨੇ ਦੁੱਖਦਾਈ ਜਾਣਕਾਰੀ ਵੀ ਦਿੱਤੀ ਕਿ ਜਲਾਲਾਬਾਦ ਵਿਖੇ ਐਮ ਐਲ ਏ ਜਗਦੀਪ ਸਿੰਘ ਕੰਬੋਜ ਦੇ ਦਰਾਂ ਅੱਗੇ ਮੋਰਚੇ ਵਿੱਚ 70 ਸਾਲਾਂ ਦੇ ਕਿਸਾਨ ਹਜਾਰਾ ਰਾਮ ਵਾਸੀ ਸਵਾਹ ਵਾਲਾ ਦਿਲ ਫੇਲ੍ਹ ਹੋਣ ਕਾਰਨ ਸ਼ਹੀਦ ਹੋ ਗਏ ਜਿਨ੍ਹਾਂ ਦੇ ਪ੍ਰਵਾਰ ਦੀ ਸਹਿਮਤੀ ਨਾਲ ਪੋਸਟ ਮਾਰਟਮ ਤੋਂ ਇਨਕਾਰ ਕਰਦਿਆਂ ਜਥੇਬੰਦੀ ਵੱਲੋਂ ਸ਼ਹੀਦ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪੱਕੀ ਸਰਕਾਰੀ ਨੌਕਰੀ ਦੇਣ ਅਤੇ ਸਾਰਾ ਕਰਜਾ ਖ਼ਤਮ ਕਰਨ ਦੀ ਮੰਗ ਮੰਨੇ ਜਾਣ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਲਗਾਤਾਰ ਚੱਲ ਰਹੇ ਮੋਰਚਿਆਂ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਸੰਬੰਧਤ ਜ਼ਿਲ੍ਹਾ ਅਤੇ ਬਲਾਕ ਪੱਧਰਾਂ ਦੇ ਸੈਂਕੜੇ ਆਗੂਆਂ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਖੇਤੀ ਨੂੰ ਫੇਲ੍ਹ ਕਰਨ ਲਈ ਸਰਕਾਰ ਨੇ ਡੀਏਪੀ ਦਾ ਸਟਾਕ 30% ਘੱਟ ਮੰਗਵਾਇਆ ਹੈ।ਉਹਨਾਂ ਡੀ ਏ ਪੀ ਦੀ ਬਿਨਾਂ ਸ਼ਰਤ ਨਿਰਵਿਘਨ ਸਪਲਾਈ ਦੀ ਗਰੰਟੀ ਕਰਨ ਦੀ ਮੰਗ ਉੱਤੇ ਵੀ ਜ਼ੋਰ ਦਿੱਤਾ। ਕਿਸਾਨ ਆਗੂਆਂ ਨੇ ਕਿਸਾਨਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਲਈ ਕੇਂਦਰ ਤੇ ਪੰਜਾਬ ਦੀਆਂ ਦੋਨਾਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਜਿਹੜੀਆਂ ਛੋਟੇ ਦਰਮਿਆਨੇ ਕਿਸਾਨਾਂ ਨੂੰ ਆਰਥਿਕ ਪੱਖੋਂ ਤਬਾਹ ਕਰਕੇ ਜ਼ਮੀਨਾਂ ਹਥਿਆਉਣ ਵਾਲੀ ਸੰਸਾਰ ਵਪਾਰ ਸੰਸਥਾ ਦੀ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੀ ਨੀਤੀ ਮੜ੍ਹਨ ‘ਤੇ ਉਤਾਰੂ ਹਨ। ਅੱਜ ਵੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੁੱਝ ਮੋਰਚਿਆਂ ਵਿੱਚ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਵੱਲੋਂ ਸਮੂਹ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਗਿਆ ਕਿ ਸਰਕਾਰਾਂ ਦੇ ਇਸ ਕਿਸਾਨ ਮਾਰੂ ਕਾਰਪੋਰੇਟ ਪੱਖੀ ਹਮਲੇ ਨੂੰ ਮਾਤ ਦੇਣ ਲਈ ਪੱਕੇ ਮੋਰਚਿਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਮਾਲਾਂ ਦੇ ਘਿਰਾਓ ਵਿੱਚ ਪੂਰੇ ਜੋਸ਼ ਅਤੇ ਧੜੱਲੇ ਨਾਲ ਪ੍ਰਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਪੁੱਜਿਆ ਜਾਵੇ। ਇਉਂ ਕਰਨ ਨਾਲ ਹੀ ਜਿੱਤ ਦੀ ਗਰੰਟੀ ਹੋਵੇਗੀ ਅਤੇ ਕਿਸਾਨਾਂ ਵੱਲੋਂ ਮਹਿੰਗੇ ਖ਼ਰਚਿਆਂ ਨਾਲ ਲਹੂ ਪਸੀਨਾ ਇੱਕ ਕਰਕੇ ਪਾਲ਼ੇ ਗਏ ਝੋਨੇ ਦੀ ਬੇਕਦਰੀ ਖਤਮ ਹੋਵੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਫ੍ਰੀ ਕੀਤੇ ਟੌਲ ਪਲਾਜਿਆਂ ਦੀ ਸੂਚੀ:
ਜ਼ਿਲ੍ਹਾ ਟੌਲ ਪਲਾਜੇ ਕੁੱਲ ਗਿਣਤੀ
1. ਮੋਗਾ: ਦਾਰਾਪੁਰ। 1.
2. ਜਲੰਧਰ: ਬਾਹਮਣੀਆਂ। 1.
3. ਅੰਮ੍ਰਿਤਸਰ: ਕੱਥੂਨੰਗਲ,ਛਿੱਡਣ,ਨਿੱਜਰਪੁਰਾ 3.
4. ਗੁਰਦਾਸਪੁਰ: ਦੀਨਾਨਗਰ 1.
5. ਬਠਿੰਡਾ: ਬੱਲੂਆਣਾ,ਜੀਦਾ,ਲਹਿਰਾਬੇਗਾ, ਸ਼ੇਖਪੁਰਾ 4.
6. ਸੰਗਰੂਰ: ਕਾਲਾਝਾੜ, ਚੋਟੀਆਂਵਾਲਾ 2.
7. ਪਟਿਆਲਾ: ਪਾਤੜਾਂ, ਧਰੇੜੀ ਜੱਟਾਂ 2.
8. ਫਾਜ਼ਿਲਕਾ: ਗਿੱਦੜਾਂਵਾਲਾ 1.
9. ਮੁਕਤਸਰ : ਅਬੁਲਖੁਰਾਣਾ। 1.
10. ਲੁਧਿਆਣਾ: ਚੌਕੀਮਾਨ। 1.
11. ਮੋਹਾਲੀ: ਦੱਪਰ 1.
12. ਫਿਰੋਜ਼ਪੁਰ: ਫਿਰੋਜ਼ਸ਼ਾਹ,ਕੋਟਕਰੋੜ 2.
13. ਬਰਨਾਲਾ: ਬਡਬਰ,ਮੱਲ੍ਹੀਆਂ 2.
14. ਤਰਨਤਾਰਨ: ਮੰਨਣ, ਭੱਗੂਪੁਰ,ਉਸਮਾਂ 3.
————————————–
ਜੋੜ:- ਜ਼ਿਲ੍ਹੇ 14 ਟੌਲ ਫ੍ਰੀ 25
_______________________________________
ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਸਿਆਸੀ ਆਗੂਆਂ ਵਿਰੁੱਧ ਧਰਨਿਆਂ ਦੀ ਸੂਚੀ
1. ਜ਼ਿਲ੍ਹਾ ਸੰਗਰੂਰ: ਭਾਜਪਾ ਮੀਤ ਪ੍ਰਧਾਨ ਅਰਵਿੰਦ ਖੰਨਾ, ਕੈਬਨਿਟ ਮੰਤਰੀ ਅਮਨ ਅਰੋੜਾ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਬਰਿੰਦਰ ਗੋਇਲ।
2. ਮੁਕਤਸਰ: ਖੇਤੀ ਮੰਤਰੀ ਗੁਰਮੀਤ ਸਿੰਘ ਖੁਡੀਆਂ
3. ਬਠਿੰਡਾ: ਭਾਜਪਾ ਆਗੂ ਜਗਦੀਪ ਸਿੰਘ ਨਕਈ,ਆਪ ਵਿਧਾਇਕ – ਜਗਸੀਰ ਸਿੰਘ ਭੁੱਚੋ, ਬਲਕਾਰ ਸਿੰਘ ਰਾਮਪੁਰਾ, ਸੁਖਵੀਰ ਸਿੰਘ ਮਾਈਸਰਖਾਨਾ, ਬਲਜਿੰਦਰ ਕੌਰ ਤਲਵੰਡੀ ਸਾਬੋ।
4. ਫਰੀਦਕੋਟ: ਅਮੋਲਕ ਸਿੰਘ ਜੈਤੋ।
5. ਮਾਨਸਾ: ਵਿਜੇ ਸਿੰਗਲਾ ਮਾਨਸਾ, ਗੁਰਪ੍ਰੀਤ ਸਿੰਘ ਬਣਾਂਵਾਲੀ ਸਰਦੂਲਗੜ੍ਹ, ਬੁੱਧ ਰਾਮ ਬੁਢਲਾਡਾ।
6. ਫਾਜ਼ਿਲਕਾ: ਜਗਦੀਪ ਸਿੰਘ ਕੰਬੋਜ ਜਲਾਲਾਬਾਦ।
7. ਲੁਧਿਆਣਾ: ਮਨਵਿੰਦਰ ਸਿੰਘ ਗਿਆਸਪੁਰਾ, ਪਾਇਲ।
8. ਬਰਨਾਲਾ: ਗੁਰਮੀਤ ਸਿੰਘ ਮੀਤ ਹੇਅਰ।
9. ਪਟਿਆਲਾ: ਡਾ: ਬਲਵੀਰ ਸਿੰਘ ਸਿਹਤ ਮੰਤਰੀ ਤੋਂ ਬਦਲ ਕੇ ਭਾਜਪਾ ਆਗੂ ਪ੍ਰਨੀਤ ਕੌਰ
10. ਮੋਗਾ: ਮਨਜੀਤ ਸਿੰਘ ਬਿਲਾਸਪੁਰ ਹਲਕਾ ਨਿਹਾਲਸਿੰਘਵਾਲਾ, ਅੰਮ੍ਰਿਤਪਾਲ ਸਿੰਘ ਸੁਖਾਨੰਦ ਹਲਕਾ ਬਾਘਾਪੁਰਾਣਾ, ਅਮਨਦੀਪ ਕੌਰ ਅਰੋੜਾ ਹਲਕਾ ਮੋਗਾ।
11. ਮਲੇਰਕੋਟਲਾ: ਜਮੀਲ ਉਰ ਰਹਿਮਾਨ, ਜਸਵੰਤ ਸਿੰਘ ਗੱਜਣਮਾਜਰਾ ਹਲਕਾ ਅਮਰਗੜ੍ਹ।
12. ਅੰਮ੍ਰਿਤਸਰ: ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ।
12 ਜ਼ਿਲ੍ਹਿਆਂ ਵਿੱਚ ਭਾਜਪਾ ਦੇ 3 ਆਗੂ, ਆਪ ਦੇ 5 ਮੰਤਰੀ, 17 ਐਮ ਐਲ ਏ = ਕੁੱਲ 25
ਫੋਟੋਆਂ:
1. ਮਨਜੀਤ ਸਿੰਘ ਬਿਲਾਸਪੁਰ ਐੱਮ ਐੱਲ ਏ ਦੇ ਘਰ ਅੱਗੇ ਮੋਰਚਾ।
2. ਟੌਲ ਪਲਾਜ਼ਾ ਚੌਕੀਮਾਨ ਮੋਰਚਾ।
3. ਐਮ ਐਲ ਏ ਅਮਨਦੀਪ ਕੌਰ ਅਰੋੜਾ ਮੋਗਾ ਦੇ ਦਰਾਂ ਅੱਗੇ ਮੋਰਚਾ।