ਚੰਡੀਗੜ੍ਹ : 24 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਅੱਜ ਚੰਡੀਗ੍ੜ੍ਹ ਵਿਖੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਹਾਜ਼ਰੀ ‘ਚ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਅਕਾਲੀ ਦਲ ਇਸ ਵਾਰ ਜ਼ਿਮਨੀ ਚੋਣਾ ਨਹੀਂ ਲੜੇਗਾ।
ਪਾਰਟੀ ਦੇ ਨੇਤਾ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪਾਰਟੀ ਪਾਰਟੀ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਐਤਕੀਂ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੇ ਪ੍ਰਧਾਨ ਨੇ ਜ਼ਿੰਮੇਵਾਰੀ ਲਈ ਸੀ ਤਾਂ ਇਹ ਜ਼ਿੰਮੇਵਾਰੀ ਆਪਣੇ ਕਰਕੇ ਨਹੀਂ ਸਗੋਂ ਪਾਰਟੀ ਖਾਤਰ ਹੀ ਲਈ ਸੀ, ਜਿਸ ਕਰਕੇ ਪਾਰਟੀ ਹੁਣ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਲਈ ਹੁਕਮ, ਸਮੁੱਚੀ ਪਾਰਟੀ ਲਈ ਹੁਕਮ ਹੈ। ਉਨ੍ਹਾਂ ਕਿਹਾ ਕਿ ਇਕੱਲੇ ਪ੍ਰਧਾਨ ਨੂੰ ਸਾਰੇ ਕੁਝ ਲਈ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ। ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਲਏ ਇਸ ਫੈਸਲੇ ਨਾਲ ਅਕਾਲੀ ਦਲ ਗੰਭੀਰ ਸੰਕਟ ਵਿੱਚ ਫਸ ਗਿਆ ਹੈ। ਜੇਕਰ ਪਾਰਟੀ ਸੁਖਬੀਰ ਬਾਦਲ ਦੀ ਅਗਵਾਈ ‘ਚ ਚੋਣਾਂ ਲੜਦੀ ਤਾਂ ਪਾਰਟੀ ਉੱਪਰ ਅਕਾਲ ਤਖਤ ਤੋਂ ਭਗੌੜੀ ਹੋਣ ਦਾ ਧੱਬਾ ਲੱਗਣਾ ਸੀ ਅਤੇ ਜੇਕਰ ਸੁਖਬੀਰ ਬਾਦਲ ਤੋਂ ਬਿਨਾਂ ਚੋਣਾਂ ਲੜਦੀ ਤਾਂ ਪਾਰਟੀ ਵਿੱਚ ਇਨ੍ਹਾਂ ਚੋਣਾਂ ‘ਚ ਅਗਵਾਈ ਕਰਨ ਵਾਲਾ ਕੋਈ ਕੱਦਾਵਾਰ ਨੇਤਾ ਨਹੀਂ ਹੈ। ਚੋਣਾ ਨਾ ਲੜਣ ਦੇ ਫੈਸਲੇ ਨਾਲ ਪਾਰਟੀ ਹੋਰ ਸਿਆਸੀ ਸੰਕਟ ਵਿੱਚ ਫਸ ਗਈ ਹੈ।ਕਿਉਂਕਿ ਹੁਣ ਬਿਨਾਂ ਚੋਣਾਂ ਲੜਿਆਂ ਪਾਰਟੀ ਦਾ ਕਾਡਰ ਕੀ ਕਰੇਗਾ!, ਅਕਾਲੀ ਦਲ ਨਾਲ ਖੜ੍ਹਾ ਰਹੇਗਾ ਜਾਂ ਦੂਜੀਆਂ ਪਾਰਟੀਆਂ ਵਿੱਚ ਚਲਾ ਜਾਵੇਗਾ, ਇਹ ਸਥਿਤੀ ਪਾਰਟੀ ਨੂੰ ਹੋਰ ਕਮਜ਼ੋਰ ਕਰਨ ਵੱਲ ਲੈ ਕੇ ਜਾਵੇਗੀ। ਪਾਰਟੀ ਦੇ ਇਸ ਫੈਸਲੇ ਨਾਲ ਪੰਜਾਬ ਦੀਆਂ ਚੋਣਾਂ ਉੱਤੇ ਕੀ ਅਸਰ ਪਵੇਗਾ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਕਿਉਂਕਿ ਅਕਾਲੀ ਦਲ ਦੀ ਗੈਰਹਾਜ਼ਰੀ ‘ਚ ਪਾਰਟੀ ਦੀਆਂ ਵੋਟਾਂ ਕਿਸ ਪਾਰਟੀ ਵੱਲ ਜਾਣਗੀਆਂ, ਸਿਆਸੀ ਹਲਕੇ ਇਸ ਗੱਲ ਨੂੰ ਪੂਰੀ ਨੀਝ ਨਾਲ ਦੇਖ ਰਹੇ ਹਨ। ਦੂਜੇ ਪਾਸੇ ਪੰਥਕ ਸੁਧਾਰ ਲਹਿਰ ਨੇ ਪਹਿਲਾਂ ਹੀ ਚੋਣਾ ਲੜਣ ਦਾ ਫੈਸਲਾ ਕਰਕੇ ਹੁਣ ਪੂਰੇ ਅਕਾਲੀ ਦਲ ਦੇ ਬਾਹਰ ਹੋਣ ਨਾਲ ਇੱਕ ਖਲਾਅ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ: ਸਾਬਕਾ ਵਿਧਾਇਕਾ ਸਤਕਾਰ ਕੌਰ ਨੂੰ ਭਾਜਪਾ ਨੇ ਪਾਰਟੀ ’ਚੋਂ ਕੱਢਿਆ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਵੱਲੋਂ ਕੋਈ ਛੋਟ ਨਹੀਂ ਦਿੱਤੀ ਗਈ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਤਨਖਾਹੀਆਂ ਤਨਖਾਹ ਪੂਰੀ ਹੋਣ ਤੱਕ ਤਨਖਾਹੀਆ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਸੀ ਕਿ ਪੰਜ ਸਿੰਘ ਸਹਿਬਾਨਾਂ ਦੀ ਅਗਲੀ ਮੀਟਿੰਗ ਦੀਵਾਲੀ ਤੋਂ ਬਾਅਦ ਹੋਵੇਗੀ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਵਫਦ ਵੱਲੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਅਕਾਲ ਤਖਤ ਸਹਿਬ ਦੇ ਜੱਥੇਦਾਰ ਨੂੰ ਮਿਲ ਕੇ ਬੇਨਤੀ ਕੀਤੀ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜ਼ਿਮਨੀ ਚੋਣ ਲੜਨ ਦੀ ਇਜ਼ਾਜ਼ਤ ਦਿੱਤੀ ਜਾਵੇ।