ਪਟਿਆਲਾ, 25 ਅਕਤੂਬਰ: ਦੇਸ਼ ਕਲਿੱਕ ਬਿਓਰੋ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਜਾਗਰੂਕਤਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਆਲੋਵਾਲ, ਪਟਿਆਲਾ ਵਿਖੇ ਕਰਵਾਇਆ ਗਿਆ।
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਇਕ ਰੈਲੀ ਕਰਵਾਈ ਗਈ ਅਤੇ ਨਾਲ ਹੀ ਭਾਸ਼ਣ, ਲੇਖ ਰਚਨਾ, ਪੇਂਟਿੰਗ ਅਤੇ ਸੰਦੇਸ਼ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ। ਇਹ ਮੁਕਾਬਲੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਰਜ ਵੈਦ ਦੀ ਯੋਗ ਅਗਵਾਈ ਅਧੀਨ ਹੋਏ।
ਇਨ੍ਹਾਂ ਮੁਕਾਬਲਿਆਂ ਵਿਚ ਕੋਮਲਪ੍ਰੀਤ ਕੌਰ (ਭਾਸ਼ਣ ਮੁਕਾਬਲਾ), ਅਵਤਾਰ ਕੌਰ (ਪੋਸਟਰ ਮੇਕਿੰਗ), ਤਜਿੰਦਰ ਸਿੰਘ (ਸੰਦੇਸ਼ ਲਿਖਣਾ) ਅਤੇ ਪਰਵਿੰਦਰ ਸਿੰਘ (ਲੇਖ ਰਚਨਾ) ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸੈਮੀਨਾਰ ਦੇ ਬੁਲਾਰੇ ਡਾ ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਅਤੇ ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਕੇ.ਵੀ.ਕੇ ਪਟਿਆਲਾ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਵਾਸਤੇ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰਪੂਰਵਕ ਦੱਸਿਆ।
ਡਾ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਮੇਂA ਦੀ ਲੋੜ ਅਨੁਸਾਰ ਵਾਤਾਵਰਨ ਨੂੰ ਬਚਾਉਣ ਲਈ ਖੇਤੀਬਾੜੀ ਦੇ ਢੰਗਾਂ ਵਿਚ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ। ਡਾ. ਰਚਨਾ ਸਿੰਗਲਾ ਨੇ ਝੋਨੇ ਦੀ ਪਰਾਲੀ ਦੀ ਖੁੰਬਾਂ ਦੀ ਕਾਸ਼ਤ ਵਿਚ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਗਾਂਹਵਧੂ ਕਿਸਾਨ ਸ. ਜਰਨੈਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਸ੍ਰੀਮਤੀ ਨੀਰਜ ਵੈਦ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਇਸ ਮੁਹਿੰਮ ਪ੍ਰਤੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Published on: ਅਕਤੂਬਰ 25, 2024 4:08 ਬਾਃ ਦੁਃ