ਡੇਰਾ ਬਾਬਾ ਨਾਨਕ, 25 ਅਕਤੂਬਰ 2024, ਦੇਸ਼ ਕਲਿੱਕ ਬਿਓਰੋ :
ਜਤਿੰਦਰ ਕੌਰ ਰੰਧਾਵਾ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਪਣੇ ਸੈਕੜੇ ਸਮਰਥਕਾਂ ਨਾਲ ਐਸ ਡੀ ਐਮ ਦਫਤਰ ਡੇਰਾ ਬਾਬਾ ਨਾਨਕ ਪਹੁੰਚ ਕੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਅੱਜ ਸਵੇਰੇ ਪਿੰਡ ਧਾਰੋਵਾਲੀ ਵਿਖੇ ਲੋਕ ਸਭਾ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਤਿੰਦਰ ਕੌਰ ਰੰਧਾਵਾ ਦੇ ਗ੍ਰਹਿ ਵਿਖੇ ਸੈਕੜੇ ਇੱਕਠੇ ਹੋਏ ਜਿਨ੍ਹਾਂ ਨੂੰ ਨਾਲ ਲੈ ਕੇ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਤੇ ਫਿਰ ਆਪਣੇ ਪਰਿਵਾਰਕ ਪੁਰਖਿਆਂ ਦੀਆਂ ਸਮਾਧਾਂ ‘ਤੇ ਨਤਮਸਤਕ ਹੋਣ ਤੋਂ ਬਾਅਦ ਰੰਧਾਵਾ ਪਰਿਵਾਰ ਕਾਫ਼ਿਲੇ ਦੇ ਰੂਪ ਵਿੱਚ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਜਿੱਥੇ ਨਤਮਸਤਕ ਹੋਣ ਬਾਅਦ ਸ਼ਹਿਰ ਦੇ ਲੋਕਾਂ ਨੂੰ ਮਿਲਦੇ ਹੋਏ ਜਤਿੰਦਰ ਕੌਰ ਰੰਧਾਵਾ ਐਸ ਡੀ ਐਮ ਦਫ਼ਤਰ ਡੇਰਾ ਬਾਬਾ ਨਾਨਕ ਪਹੁੰਚੇ ਜਿੱਥੇ ਉਨ੍ਹਾਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਜਤਿੰਦਰ ਕੌਰ ਰੰਧਾਵਾ ਨੇ ਮੀਡੀਆ ਅਤੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕੇ ਵਿਚੋਂ ਨਸ਼ਾਖੋਰੀ, ਅਪਰਾਧ,ਲੁੱਟਾਂ ਖੋਹਾਂ ਅਤੇ ਗੰਦਗੀ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ ਤੇ ਹੱਲ ਕਰਨ ਲਈ ਪੁਰਜ਼ੋਰ ਯਤਨ ਕਰਨਗੇ। ਅਧੂਰੇ ਪਏ ਵਿਕਾਸ ਕਾਰਜਾਂ ਨੂੰ ਸਿਰੇ ਚੜ੍ਹਾਉਣ ਦੇ ਨਾਲ-ਨਾਲ ਕਿਰਤੀਆਂ,ਕਿਸਾਨਾਂ ਦੇ ਨਾਲ ਖੜ੍ਹਨਾ ਮੇਰੀ ਪ੍ਰਾਥਮਿਕ ਜ਼ਿੰਮੇਵਾਰੀ ਹੋਵੇਗੀ। ਇਸ ਸਮੇਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਹਲਕੇ ਦੀ ਸੇਵਾ ਅਤੇ ਪੰਜਾਬ, ਪੰਜਾਬੀਅਤ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਵਿਰੋਧੀ ਤਾਕਤਾਂ ਖਿਲਾਫ਼ ਹਮੇਸ਼ਾ ਲੜਦਾ ਆਇਆ ਹੈ ਤੇ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਜਿਸ ਕਦਰ ਪੰਜਾਬ ਨੂੰ ਕੇਜਰੀਵਾਲ ਕੋਲ ਗਿਰਵੀ ਰੱਖ ਕੇ ਪੰਜਾਬ ਦੇ ਹਿਤਾਂ ਦੀ ਨਿਲਾਮੀ ਕੀਤੀ ਹੈ ਉਸ ਲਈ ਪੰਜਾਬੀ ਆਮ ਆਦਮੀ ਪਾਰਟੀ ਸਰਕਾਰ ਦਾ ਜਲਦ ਹੀ ਬੋਰੀਆ ਬਿਸਤਰਾ ਗੋਲ ਕਰਨਗੇ। ਕਿਰਤੀਆਂ, ਕਿਸਾਨਾਂ ਅਤੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਮੰਡੀਆਂ ਵਿੱਚ ਰੋਲਣ ਵਾਲੀ ਆਪ ਅਤੇ ਭਾਜਪਾ ਜਿਹੜੀਆਂ ਮਰਜ਼ੀ ਨੌਟੰਕੀਆਂ ਕਰ ਲੈਣ ਉਹ ਪੰਜਾਬ ਹਿਤੈਸ਼ੀ ਨਹੀਂ ਬਣ ਸਕਦੇ।ਉਨ੍ਹਾਂ ਕਿਹਾ ਕਿ ਜਤਿੰਦਰ ਕੌਰ ਰੰਧਾਵਾ ਦਾ ਮਕਸਦ ਹਲਕੇ ਨੂੰ ਨਸ਼ਾ,ਅਪਰਾਧ,ਸਿਆਸੀ ਧੱਕੇਸ਼ਾਹੀ, ਅਪਰਾਧ ਅਤੇ ਬੇਰੁਜ਼ਗਾਰੀ ਤੋਂ ਮੁਕਤ ਕਰਾਉਣਾ ਹੈ ਜਿਸ ਲਈ ਅਸੀਂ ਸਾਰਾ ਪਰਿਵਾਰ ਅਤੇ ਹਲਕੇ ਦੇ ਲੋਕ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।