ਚੰਡੀਗੜ੍ਹ, 26 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਿੱਟੂ ਸਰਾਸਰ ਝੂਠ ਬੋਲ ਰਹੇ ਹਨ। ਬੀਜ ਦਾ ਕੋਈ ਮੁੱਦਾ ਹੀ ਨਹੀਂ ਹੈ। ਜੇਕਰ ਬੀਜਾਂ ਵਿੱਚ ਕੋਈ ਸਮੱਸਿਆ ਸੀ ਤਾਂ ਕੇਂਦਰ ਸਰਕਾਰ ਨੇ ਝੋਨੇ ਦੀ ਫਸਲ ਖਰੀਦਣ ਲਈ ਸੀਸੀਐਲ ਲਿਮਿਟ ਕਿਵੇਂ ਜਾਰੀ ਕੀਤੀ? ਜੇਕਰ ਬੀਜਾਂ ਦਾ ਮਸਲਾ ਹੁੰਦਾ ਤਾਂ ਕੇਂਦਰ ਸਰਕਾਰ ਪੈਸੇ ਜਾਰੀ ਹੀ ਨਹੀਂ ਕਰਦੀ। ਇਹ ਸਿਰਫ ਭੰਬਲਭੂਸਾ ਫੈਲਾਉਣ ਲਈ ਕਿਹਾ ਜਾ ਰਿਹਾ ਹੈ।
ਕੰਗ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਵੱਲੋਂ ਸਾਰੇ ਸਬੰਧਤ ਅਦਾਰਿਆਂ ਦੀ ਸਹਿਮਤੀ ਤੋਂ ਬਾਅਦ ਪੀ.ਆਰ.-126 ਬਣਾਇਆ ਗਿਆ ਹੈ। ਇਸ ਵਿੱਚ ਰਾਈਸ ਮਿੱਲਰ ਵੀ ਹੈ ਅਤੇ ਇਸ ਨੂੰ ਕੇਂਦਰ ਸਰਕਾਰ ਨੇ ਵੀ ਮਨਜ਼ੂਰੀ ਦਿੱਤੀ ਹੈ। ਜਦੋਂ ਵੀ ਪੀਏਯੂ ਕੋਈ ਨਵਾਂ ਬੀਜ ਤਿਆਰ ਕਰਦਾ ਹੈ, ਤਾਂ ਇਹ ਸਭ ਦੀ ਸਹਿਮਤੀ ਲੈਣ ਤੋਂ ਬਾਅਦ ਹੀ ਅਜਿਹਾ ਕਰਦਾ ਹੈ। ਇਹ ਬੀਜ ਪੰਜਾਬ ਵਿੱਚ 7 ਸਾਲਾਂ ਤੋਂ ਬੀਜਿਆ ਜਾ ਰਿਹਾ ਹੈ, ਅੱਜ ਤੱਕ ਕੋਈ ਸਮੱਸਿਆ ਨਹੀਂ ਆਈ, ਹੁਣ ਜਦੋਂ ਕੇਂਦਰ ਸਰਕਾਰ ਫਸਲ ਚੁੱਕਣ ਵਿੱਚ ਅਸਫਲ ਸਾਬਤ ਹੋਈ ਹੈ ਤਾਂ ਉਹ ਆਈਆਈਟੀ ਕਾਨਪੁਰ ਤੋਂ ਬੀਜ ਟੈਸਟ ਕਰਵਾਉਣ ਦੀ ਗੱਲ ਕਰ ਰਹੇ ਹਨ।
ਕੰਗ ਨੇ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਨਕਲੀ ਅਤੇ ਮਹਿੰਗੇ ਬੀਜਾਂ ਬਾਰੇ ਕੀਤੀ ਜਾ ਰਹੀ ਗੱਲ ਵੀ ਪੂਰੀ ਤਰ੍ਹਾਂ ਝੂਠ ਹੈ। ਮਹਿੰਗੇ ਬੀਜ ਕਿਤੇ ਨਹੀਂ ਵਿਕਦੇ। ਸਾਰੀਆਂ ਮਾਨਤਾ ਪ੍ਰਾਪਤ ਬੀਜ ਦੁਕਾਨਾਂ ‘ਤੇ 56 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਬੀਜ ਵੇਚਿਆ ਗਿਆ। ਜੇਕਰ ਰਵਨੀਤ ਬਿੱਟੂ ਨੂੰ 3500 ਰੁਪਏ ਵਿੱਚ ਬੀਜ ਵਿਕਣ ਦੀ ਖ਼ਬਰ ਮਿਲੀ ਸੀ ਤਾਂ ਉਨ੍ਹਾਂ ਨੇ ਇਹ ਮਾਮਲਾ ਜੂਨ-ਜੁਲਾਈ ਵਿੱਚ ਕਿਉਂ ਨਹੀਂ ਉਠਾਇਆ? ਹੁਣ ਜਦੋਂ ਕੇਂਦਰ ਸਰਕਾਰ ਬੇਨਕਾਬ ਹੋ ਚੁੱਕੀ ਹੈ ਅਤੇ ਬੁਰੀ ਤਰ੍ਹਾਂ ਫਸ ਗਈ ਹੈ ਤਾਂ ਉਨ੍ਹਾਂ ਨੂੰ ਅਚਾਨਕ ਮਹਿੰਗੇ ਅਤੇ ਨਕਲੀ ਬੀਜਾਂ ਦੀ ਯਾਦ ਆ ਗਈ। ਕੰਗ ਨੇ ਕਿਹਾ ਕਿ ਅਸਲ ਵਿੱਚ ਅਜਿਹੇ ਬਿਆਨ ਦੇ ਕੇ ਭਾਜਪਾ ਆਗੂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੇ ਹਨ।
ਅਸਲ ਵਿੱਚ ਇਹ ਸਭ ਕੇਂਦਰ ਸਰਕਾਰ ਅਤੇ ਭਾਜਪਾ ਦਾ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਤੰਗ ਕਰਨ ਦਾ ਬਹਾਨਾ ਹੈ। ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਹ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ। ਭਾਜਪਾ ਪੰਜਾਬ ਦੇ ਕਿਸਾਨਾਂ ਨਾਲ ਨਫ਼ਰਤ ਕਰਦੀ ਹੈ।
ਸਿੰਗਲ ਕਸਟਡੀ ਦੇ ਮੁੱਦੇ ’ਤੇ ਕੰਗ ਨੇ ਕਿਹਾ ਕਿ ਅਨਾਜ ਦੀ ਅਸਲ ਮਾਲਕ ਕੇਂਦਰ ਸਰਕਾਰ ਹੈ। ਅਨਾਜ ਦੀ ਖਰੀਦ ਅਤੇ ਇਸ ਦੀ ਸਾਂਭ-ਸੰਭਾਲ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਸੂਬਾ ਸਰਕਾਰ ਸਿਰਫ਼ ਕੇਅਰਟੇਕਰ ਵਜੋਂ ਕੰਮ ਕਰਦੀ ਹੈ। ਫ਼ਸਲ ਨੂੰ ਮੰਡੀਆਂ ਵਿੱਚੋਂ ਕੱਢਣ ਤੱਕ ਉਸ ਦੀ ਸੰਭਾਲ ਕਰਨਾ ਰਾਜ ਦੀ ਜ਼ਿੰਮੇਵਾਰੀ ਹੈ। ਸਿੰਗਲ ਕਸਟਡੀ ਦਾ ਮੁੱਦਾ ਉਠਾ ਕੇ ਕੇਂਦਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਅਤੇ ਜਾਣਬੁੱਝ ਕੇ ਪੰਜਾਬ ਸਰਕਾਰ ਅਤੇ ਰਾਈਸ ਮਿੱਲਰਾਂ ਨੂੰ ਘਸੀਟ ਰਿਹਾ ਹੈ।
ਧੀਮੀ ਲਿਫਟਿੰਗ ‘ਤੇ ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਸ ਨੇ ਅਕਤੂਬਰ ‘ਚ 15 ਲੱਖ ਮੀਟ੍ਰਿਕ ਟਨ ਅਨਾਜ ਦੀ ਲਿਫਟਿੰਗ ਕੀਤੀ ਹੈ, ਫਿਰ ਜਨਵਰੀ ਤੋਂ ਲੈ ਕੇ ਹੁਣ ਤੱਕ ਅਜਿਹਾ ਕਿਉਂ ਨਹੀਂ ਕੀਤਾ ਗਿਆ। ਜੇਕਰ ਜਨਵਰੀ ਤੋਂ ਹਰ ਮਹੀਨੇ 15 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਹੋ ਜਾਂਦੀ ਤਾਂ ਸਤੰਬਰ ਤੱਕ 120 ਲੱਖ ਮੀਟ੍ਰਿਕ ਟਨ ਤੋਂ ਵੱਧ ਅਨਾਜ ਲਈ ਥਾਂ ਖਾਲੀ ਹੋ ਜਾਣੀ ਸੀ। ਤਾਂ ਅੱਜ ਇਹ ਮਸਲਾ ਪੈਦਾ ਹੀ ਨਾ ਹੁੰਦਾ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਜਾਣਬੁੱਝ ਕੇ ਹੌਲੀ-ਹੌਲੀ ਲਿਫ਼ਟਿੰਗ ਕਰਵਾਈ।
ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਵੀ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਸਾਰਿਆਂ ਨੂੰ ਨਿਰਾਸ਼ ਹੋ ਕੇ ਵਾਪਸ ਭੇਜ ਦਿੱਤਾ। ‘ਆਪ’ ਸਰਕਾਰ ਸੂਬੇ ਦੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਨਾਲ ਖੜ੍ਹੀ ਹੈ। ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਅਸੀਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਦੋਸ਼ ਲਗਾਉਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਨਿਭਾਏ ਅਤੇ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਵੇ।