ਪਾਤੜਾਂ/ਪਟਿਆਲਾ, 26 ਅਕਤੂਬਰ: ਦੇਸ਼ ਕਲਿੱਕ ਬਿਓਰੋ
ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਅੱਜ ਪਾਤੜਾਂ ਸਬ ਡਵੀਜ਼ਨ ਵਿੱਚ ਤਾਇਨਾਤ ਸਟਾਫ਼ ਨਾਲ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਫ਼ੀਲਡ ’ਚ ਤਾਇਨਾਤ ਸਟਾਫ਼ ਪਰਾਲੀ ਪ੍ਰਬੰਧਨ ਕਰਵਾਉਣ ਲਈ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰੇ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨਰੀ ਉਪਲਬੱਧ ਕਰਵਾਉਣ ਸਮੇਤ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਤੁਰੰਤ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਐਸ.ਡੀ.ਐਮ ਅਸ਼ੋਕ ਕੁਮਾਰ ਤੇ ਐਸ.ਪੀ. ਜਸਵੀਰ ਸਿੰਘ ਵੀ ਮੌਜੂਦ ਸਨ।
ਇਸ਼ਾ ਸਿੰਗਲਾ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਵਾਢੀ ਤੇਜ਼ੀ ਨਾਲ ਹੋ ਰਹੀ ਹੈ ਤੇ ਕਿਸਾਨਾਂ ਵੱਲੋਂ ਅਗਲੀ ਫ਼ਸਲ ਲਈ ਖੇਤ ਤਿਆਰ ਕੀਤੇ ਜਾਣੇ ਹਨ, ਇਸ ਲਈ ਕਿਸਾਨਾਂ ਨੂੰ ਬੇਲਰ, ਸੁਪਰ ਸੀਡਰ ਤੇ ਸਰਫੇਸ ਸੀਡਰ ਆਦਿ ਵਰਗੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਪਿੰਡਾਂ ਵਿੱਚ ਤਾਇਨਾਤ ਸਟਾਫ਼ ਕਿਸਾਨਾਂ ਨਾਲ ਲਗਾਤਾਰ ਰਾਬਤਾ ਰੱਖੇ ਤੇ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਮਸ਼ੀਨਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਸਟਾਫ਼ ਵੱਲੋਂ ਬਿਹਤਰ ਯੋਜਨਾ ਨਾਲ ਕੀਤੇ ਕੰਮ ਦੇ ਸਾਰਥਕ ਨਤੀਜੇ ਆਉਂਦੇ 15 ਦਿਨਾਂ ਵਿੱਚ ਦੇਖਣ ਨੂੰ ਮਿਲਣਗੇ।
ਇਸ ਮੌਕੇ ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਇੰਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਉਪਲਬੱਧ ਹੈ ਤੇ ਕਿਸਾਨ ਮਸ਼ੀਨਰੀ ਦੀ ਬੁਕਿੰਗ ਲਈ ’ਉੱਨਤ ਕਿਸਾਨ’ ਐਪ ਦੀ ਵਰਤੋਂ ਕਰ ਸਕਦੇ ਹਨ ਅਤੇ ਜੇਕਰ ਕਿਸਾਨਾਂ ਨੂੰ ਬੁਕਿੰਗ ਕਰਵਾਉਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਪਟਿਆਲਾ ਜ਼ਿਲ੍ਹੇ ਦੇ ਕੰਟਰੋਲ ਰੂਮ ਨੰਬਰ 0175-2350550 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੀ ਖੇਤਾਂ ਵਿੱਚ ਜਾ ਕੇ ਹੌਸਲਾ ਅਫ਼ਜ਼ਾਈ ਵੀ ਕੀਤੀ।