ਚੰਡੀਗੜ੍ਹ: 27 ਅਕਤੂਬਰ, ਦੇਸ਼ ਕਲਿੱਕ ਬਿਓਰੋ
ਅੱਜ ਵੀ ਆਸ ਤੋਂ ਉਲਟ ਪੰਜਾਬ ਭਾਜਪਾ ਦੇ ਪੰਜਾਬ ਦੇ ਰਾਜਪਾਲ ਨੂੰ ਮਿਲੇ ਵਫ਼ਦ ਵਿੱਚ ਪਾਰਟੀ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਕਈ ਸੰਕੇਤ ਛੱਡ ਗਈ। ਕੈਪਟਨ ਦੇ ਮੰਡੀਆਂ ਵਿੱਚ ਕੀਤੇ ਦੌਰੇ ਨੂੱ ਸਮਝਿਆ ਜਾ ਰਿਹਾ ਸੀ ਕਿ ਹੁਣ ਉਹ ਜ਼ਿਮਨੀ ਚੋਣਾਂ ਵਿੱਚ ਸਰਗਰਮ ਹੋਣਗੇ ਪਰ ਅੱਜ ਦੋਵਾਂ ਨੇਤਾਵਾਂ ਦੀ ਗੈਰਹਾਜ਼ਰੀ ਨੇ ਦੱਸ ਦਿੱਤਾ ਕਿ ਭਾਜਪਾ ਵਿੱਚ ਵੀ ਸਭ ਅੱਛਾ ਨਹੀਂ ਹੈ।
ਸਿਨੀਲ ਜਾਖੜ ਦੀ ਗੈਰਹਾਜ਼ਰੀ ਵਿੱਚ ਰਾਜ ਮੰਤਰੀ ਰਵਨੀਤ ਬਿੱਟੂ ਦੀ ਸਰਗਰਮੀ ਵਧਣ ਨਾਲ ਪੰਜਾਬ ਭਾਜਪਾ ‘ਚ ਪ੍ਰਧਾਨ ਬਦਲਣ ਦੇ ਸੰਕੇਤ ਦਿਖਾਈ ਦੇ ਰਹੇ ਹਨ। ਬਿੱਟੂ ਕਿਸਾਨਾਂ ਨੂੰ ਭਰੋਸਾ ਦਿਵਾ ਰਹੇ ਹਨ ਕਿ ਇੱਕ ਵਾਰ ਉਹਨਾਂ ਨੂੰ ਤਾਕਤ ਦੇ ਦਿਓ ਫਿਰ ਹਾਲਾਤ ਬਦਲ ਜਾਣਗੇ
ਅੱਜ ਪੰਜਾਬ ਭਾਜਪਾ ਦੇ ਵਫਦ, ਜਿਸ ਵਿੱਚ ਦੂਜੀ ਤੀਜੀ ਕਤਾਰ ਦੇ ਨੇਤਾ ਸ਼ਾਮਲ ਸਨ,ਨੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਤੰਬਰ ਦੇ ਆਖ਼ਰੀ ਹਫ਼ਤੇ ਵਿਚ ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਲਈ ਕੇਂਦਰ ਸਰਕਾਰ ਵਲੋਂ ਐਮ.ਐਸ.ਪੀ. ਦੇ 44000 ਕਰੋੜ ਰੁਪਏ ਦਿੱਤੇ ਗਏ ਹਨ, ਪਰ ਪੰਜਾਬ ਸਰਕਾਰ ਜ਼ਿਆਦਾਤਰ ਮੰਡੀਆਂ ਚ ਝੋਨਾ ਉਠਾਉਣ ਚ ਅਸਫਲ ਰਹੀ ਹੈ। ਇਸ ਸੰਬੰਧੀ ਉਨ੍ਹਾਂ ਇਕ ਮੰਗ ਪੱਤਰ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਦਿੰਦਿਆਂ ਦੀਵਾਲੀ ਅਤੇ ਬੰਦੀਛੋੜ ਦਿਵਸ ਤੋਂ ਪਹਿਲਾਂ ਮੰਡੀਆਂ ਚੋਂ ਝੋਨੇ ਦੀ ਲਿਫਟਿੰਗ ਯਕੀਨੀ ਕਰਵਾਉਣ ਦੀ ਮੰਗ ਕੀਤੀ।ਵਫ਼ਦ ਵਿੱਚ ਮੁੱਖ ਤੌਰ ਤੇ ਮਹਾਂਰਾਣੀ ਪਰਵੀਤ ਕੌਰ ਸਾਬਕਾ ਕੇਂਦਰੀ ਮੰਤਰੀ, ਹਰਜੀਤ ਸਿੰਘ ਗਰੇਵਾਲ, ਰਾਣਾ ਗੁਰਮੀਤ ਸੋਢੀ, ਵਨੀਤ ਜੋਸ਼ੀ ਆਦਿ ਹਾਜ਼ਰ ਸਨ।