ਚੰਡੀਗੜ੍ਹ, 27 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਝੋਨੇ ਦੀ ਖਰੀਦ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ (ਗੈਰ ਰਾਜਨੀਤਿਕ) ਦੀ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਫੂਡ ਸਪਲਾਈ ਮੰਤਰੀ ਕਟਾਰੂਚੱਕ ਅਤੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੀਤੀ ਗਈ। ਮੀਟਿੰਗ ਤੋਂ ਬਾਅਦ ਕਿਸਾਨਾਂ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਸੜਕਾਂ ਉਤੇ ਲਗਾਏ ਗਏ ਜਾਮ ਖੋਲ੍ਹੇ ਜਾਣਗੇ, ਜਦੋਂ ਕਿ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਕਿਸਾਨਾਂ ਯੂਨੀਅਨਾਂ ਵੱਲੋਂ ਪੰਜਾਬ ਵਿੱਚ ਪੰਜ ਥਾਵਾਂ ਉਤੇ ਪੱਕੇ ਧਰਨੇ ਲਗਾਏ ਗਏ ਸਨ, ਜਿੰਨਾਂ ਵਿੱਚ ਸੰਗਰੂਰ ਦੇ ਬਡਰੁੱਖਾਂ, ਮੋਗਾ ਵਿੱਚ ਡਬਰੂ, ਕਪੂਰਥਲਾ ਵਿੱਚ ਫਗਵਾੜਾ, ਗੁਰਦਾਸਪੁਰ ਦੇ ਸਠਿਆਲੀ, ਬਠਿੰਡਾ ਵਿੱਚ ਜੱਸੀ ਚੌਕ ਵਿਖੇ ਮੁੱਖ ਸੜਕਾਂ ਜਾਮ ਕਰਕੇ ਅਣਮਿੱਥੇ ਸਮੇਂ ਲਈ ਕੱਲ੍ਹ ਤੋਂ ਸ਼ੁਰੂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਸਨ।
ਇਸ ਮੌਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝੋਨੇ ਦੀ ਫ਼ਸਲ ਦੀ ਖਰੀਦ ਦਾ ਸੰਕਟ ਬਣਿਆ ਹੋਇਆ ਹੈ, ਜਿਸਦੇ ਚਲਦੇ ਦੋਨਾਂ ਫੋਰਮਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਜ਼ਬਰਦਸਤ ਤਰੀਕੇ ਨਾਲ ਮਸਲਾ ਰੱਖੇ ਜਾਣ ਤੇ ਸਰਕਾਰ ਵੱਲੋਂ ਮੰਨਿਆ ਗਿਆ ਕਿ ਮੰਡੀਆਂ ਵਿੱਚ ਨਮੀ ਦੀ ਸ਼ਰਤ ਪੂਰੀ ਕਰਨ ਉਤੇ ਵੀ ਘਟ ਰੇਟ ’ਤੇ ਵਿਕਣ ਵਾਲੀ ਫ਼ਸਲ ਦੇ ਰੇਟ ਤੇ ਮੰਡੀ ਵਿੱਚ ਲਗਾਏ ਗਏ ਨਜ਼ਾਇਜ਼ ਕੱਟ ਦੀ ਭਰਪਾਈ ਆੜਤੀਏ ਵੱਲੋਂ ਕਾਰਵਾਈ ਜਾਵੇਗੀ ਅਤੇ ਅਜਿਹਾ ਨਾ ਹੋਣ ਦੀ ਹਾਲਾਤ ਵਿੱਚ ਆੜ੍ਹਤੀਏ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਮਗਰੋਂ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ, ਪਰ ਉਹ ਸੜਕਾਂ ਤੋਂ ਜਾਮ ਹਟਾ ਦੇਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ। ਪਰ ਅਸੀਂ ਸਾਰੀ ਸਥਿਤੀ ‘ਤੇ ਨਿਗਰਾਨੀ ਰੱਖਾਂਗੇ। ਜੇਕਰ ਹਾਲਾਤ ‘ਚ ਸੁਧਾਰ ਨਹੀਂ ਆਉਂਦਾ, ਤਾਂ ਸੰਘਰਸ਼ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ।