ਲਖਨਊ, 28 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਧਾਗੇ ਤਵੀਤ ਕਰਕੇ ਲੋਕਾਂ ਨੂੰ ਦੇਣ ਵਾਲੇ ਦੇ ਘਰੋਂ ਕਰੋੜ ਰੁਪਏ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਗਦੀ ਮਿਲੀ ਹੈ। ਇਹ ਮਾਮਲਾ ਉਤਰ ਪ੍ਰਦੇਸ਼ ਵਿੱਚ ਬਰੇਲੀ ਦੇ ਬਹੇੜੀ ਖੇਤਰ ਦਾ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਝਾੜ ਫੂਕ ਕਰਨ ਵਾਲੇ ਦੀ ਤਬੀਅਤ ਖਰਾਬ ਹੋ ਗਈ ਤੇ ਉਸ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ। ਤਾਂਤਰਿਕ ਦੇ ਕੋਲ ਕਿੰਨਾਂ ਪੈਸਾ ਅਤੇ ਕਿੱਥੇ ਰੱਖਿਆ ਹੈ, ਇਸ ਸਬੰਧੀ ਜਾਣਕਾਰੀ ਸਿਰਫ ਦੋ ਔਰਤਾਂ ਨੂੰ ਸੀ। ਮਕਾਨ ਮਾਲਕ ਅਤੇ ਉਨ੍ਹਾਂ ਦੋ ਔਰਤਾਂ ਵਿੱਚ ਪੈਸਿਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ, ਇੱਥੋਂ ਤੱਕ ਕਿ ਪੁਲਿਸ ਬੁਲਾਈ ਗਈ।
ਮਕਾਨ ਮਾਲਕ ਅਤੇ ਦੋ ਔਰਤਾਂ ਵਿੱਚ ਇਕ ਕਰੋੜ ਰੁਪਏ ਦੇ ਗਹਿਣੇ ਅਤੇ ਕਰੀਬ 25 ਲੱਖ ਰੁਪਏ ਦੀ ਨਗਦੀ ਹੜਪਣ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ। ਇਸ ਸਬੰਧੀ ਸੂਚਨਾ ਮਿਲਣ ਉਤੇ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਕੀਮਤੀ ਸਾਮਾਨ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਬੋਰਿਆਂ ਵਿੱਚ ਭਰ ਕੇ ਪੈਸੇ ਇਕੱਠੇ ਕੀਤੇ ਅਤੇ ਆਪਣੇ ਨਾਲ ਲੈ ਗਈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਨੇ ਤਾਂਤਰਿਕ ਦੇ ਘਰੋਂ ਕਰੀਬ 25 ਲੱਖ ਰੁਪਏ ਨਗਦ ਅਤੇ ਇਕ ਰੋੜ ਰੁਪਏ ਦੇ ਸੋਨੇ-ਚਾਂਦੀ ਦੇ ਕੀਮਤੀ ਗਹਿਣੇ ਕਬਜ਼ੇ ਵਿੱਚ ਕੀਤੇ ਹਨ।
ਪੁਲਿਸ ਵੱਲੋਂ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਹ ਕਿਹਾ ਜਾ ਰਿਹਾ ਹੈ ਕਿ ਤਾਂਤਰਿਕ ਦੇ ਠੀਕ ਹੋਣ ਤੋਂ ਬਾਅਦ ਥਾਣੇ ਬੁਲਾ ਕੇ ਉਸ ਦਾ ਕੀਮਤੀ ਸਾਮਾਨ ਵਾਪਸ ਕਰ ਦਿੱਤਾ ਜਾਵੇਗਾ।
Published on: ਅਕਤੂਬਰ 28, 2024 10:10 ਪੂਃ ਦੁਃ