ਕੇਂਦਰੀ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਹਟਾਉਣਾ ਦੁਖਦਾਈ: ਐਡਵੋਕੇਟ ਧਾਮੀ

ਪੰਜਾਬ

ਅੰਮ੍ਰਿਤਸਰ, 30 ਅਕਤੂਬਰ- ਦੇਸ਼ ਕਲਿੱਕ ਬਿਓਰੋ
ਭਾਰਤ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਮੰਚਾਂ ’ਤੇ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾਉਣ ਮਗਰੋਂ ਹਟਾਏ ਜਾਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੱਖਪਾਤੀ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ ਕਿ ਦੇਸ਼ ਦੇ ਮੰਤਰਾਲੇ ਵੱਲੋਂ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦੀ ਪੋਸਟ ਪਾਉਣ ਮਗਰੋਂ ਉਸ ਨੂੰ ਹਟਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਸੋਸ਼ਲ ਮੀਡੀਆ ’ਤੇ ਬੰਦੀ ਛੋੜ ਦਿਹਾੜੇ ਸਬੰਧੀ ਇਕ ਪੋਸਟ ਪਾਈ ਗਈ ਸੀ, ਜਿਸ ਵਿਚ ਇਸ ਦੇ ਇਤਿਹਾਸ ਅਤੇ ਪ੍ਰੰਪਰਾ ਦਾ ਜ਼ਿਕਰ ਸੀ। ਇਸ ਪੋਸਟ ਰਾਹੀਂ ਬੰਦੀ ਛੋੜ ਦਿਵਸ ਸਬੰਧੀ ਇਕ ਵੀਡੀਓ ਵੀ ਪਾਈ ਗਈ ਸੀ, ਪਰੰਤੂ ਇਸ ਨੂੰ ਕੁਝ ਚਿਰ ਬਾਅਦ ਹੀ ਹਟਾ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਇਕ ਬਹੁ-ਕੌਮੀ ਤੇ ਬਹੁ-ਧਰਮੀ ਦੇਸ਼ ਹੈ, ਜਿਥੇ ਹਰ ਧਰਮ ਦੇ ਲੋਕਾਂ ਦੇ ਇਤਿਹਾਸ ਅਤੇ ਮਾਨਤਾਵਾਂ ਦਾ ਸਤਿਕਾਰ ਸੁਰੱਖਿਅਤ ਰਹਿਣਾ ਚਾਹੀਦਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਜੇਕਰ ਭਾਰਤ ਸਰਕਾਰ ਹੀ ਇਸ ਤਰ੍ਹਾਂ ਪੱਖਪਾਤੀ ਰਵੱਈਆ ਅਪਣਾਏਗੀ ਤਾਂ ਦੇਸ਼ ਅੰਦਰ ਵੱਸਦੇ ਹਰ ਧਰਮ ਦੇ ਲੋਕਾਂ ਦੇ ਹੱਕ ਹਕੂਕ ਕਿਵੇਂ ਕਾਇਮ ਰਹਿਣਗੇ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਸਮਰਪਤ ਇਹ ਪੋਸਟ ਸੋਸ਼ਲ ਮੀਡੀਆ ’ਤੇ ਨਫ਼ਰਤ ਫੈਲਾਉਣ ਵਾਲੇ ਸੱਜੇ ਪੱਖੀ ਲੋਕਾਂ ਵੱਲੋਂ ਕੇਂਦਰੀ ਮੰਤਰਾਲੇ ਦੀ ਪੋਸਟ ’ਤੇ ਇਕ ਏਜੰਡੇ ਤਹਿਤ ਫੈਲਾਏ ਗਏ ਨਫ਼ਰਤੀ ਪ੍ਰਚਾਰ ਕਰਕੇ ਹਟਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਕਈ ਵਾਰ ਇਹ ਇਤਰਾਜ਼ ਪ੍ਰਗਟ ਕਰ ਚੁੱਕੀ ਹੈ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਖ਼ਾਤਿਆਂ ਤੋਂ ਸਿੱਖ ਵਿਰੋਧੀ ਏਜੰਡਾ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ਦੀ ਇਕ ਹੋਰ ਮਿਸਾਲ ਕੇਂਦਰ ਸਰਕਾਰ ਦੇ ਮੰਤਰਾਲੇ ਵੱਲੋਂ ਪਾਈ ਪੋਸਟ ਮਗਰੋਂ ਇਨ੍ਹਾਂ ਨਫ਼ਰਤੀ ਹਿੰਸਾ ਫੈਲਾਉਣ ਵਾਲਿਆਂ ਵੱਲੋਂ ਇਸ ਦਾ ਵਿਰੋਧ ਕਰਨ ਨਾਲ ਸਾਹਮਣੇ ਆਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਦੀ ਵਿਲੱਖਣਤਾ ਹੈ ਕਿ ਇਹ ਆਪਣੇ ਇਤਿਹਾਸ ਦੀ ਰੌਸ਼ਨੀ ਵਿਚ ਨਿਰਾਲੇ ਢੰਗ ਨਾਲ ਤਿਉਹਾਰ ਮਨਾਉਂਦੇ ਹਨ, ਪਰੰਤੂ ਸਿੱਖਾਂ ਦਾ ਇਹ ਖਾਸਾ ਘਟਗਿਣਤੀਆਂ ਪ੍ਰਤੀ ਨਫ਼ਰਤ ਰੱਖਣ ਵਾਲੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੀ ਇਨ੍ਹਾਂ ਸ਼ਕਤੀਆਂ ਦੇ ਪਿੱਛੇ ਲੱਗ ਕੇ ਸਿੱਖ ਗੁਰੂ ਸਾਹਿਬਾਨ ਨੂੰ ਸਤਿਕਾਰ ਦੇਣ ਵਾਲੀ ਪੋਸਟ ਹਟਾ ਦੇਣੀ ਸਵਾਲ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਫ਼ਰਜ਼ ਤਾਂ ਇਹ ਹੈ ਕਿ ਉਹ ਅਜਿਹੇ ਲੋਕਾਂ ਨੂੰ ਨੱਥ ਪਾਵੇ, ਪਰੰਤੂ ਅਫ਼ਸੋਸਨਾਕ ਹੈ ਕਿ ਸਰਕਾਰ ਹੀ ਇਨ੍ਹਾਂ ਦੇ ਪ੍ਰਭਾਵ ਹੇਠ ਫੈਸਲੇ ਕਰ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਹਰ ਧਰਮ ਦੇ ਤਿਉਹਾਰਾਂ ਦਾ ਸਤਿਕਾਰ ਕਰਦਾ ਹੈ, ਪਰੰਤੂ ਇਹ ਵੀ ਬਰਦਾਸ਼ਤ ਨਹੀਂ ਕਿ ਕੋਈ ਸਿੱਖਾਂ ਦੀ ਮੌਲਿਕ ਅਤੇ ਅੱਡਰੀ ਹੋਂਦ ਹਸਤੀ ਨੂੰ ਸੱਟ ਮਾਰੇ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।