ਅਬੋਹਰ, ਫਾਜ਼ਿਲਕਾ 30 ਅਕਤੂਬਰ, ਦੇਸ਼ ਕਲਿੱਕ ਬਿਓਰੋ
ਵਿਜਿਲੈਂਸ ਵਿਭਾਗ ਵੱਲੋਂ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫਤੇ ਦੀ ਲਗਾਤਾਰਤਾ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੱਲੂਆਣਾ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡੀਐਸਪੀ ਵਿਜੀਲੈਂਸ ਗੁਰਿੰਦਰਜੀਤ ਸਿੰਘ ਸੰਧੂ ਨੇ ਸ਼ਿਰਕਤ ਕੀਤੀ| ਡੀਐਸਪੀ ਵਿਜੀਲੈਂਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਮੀਨਾਰ ਦਾ ਆਯੋਜਨ ਕਰਨ ਦਾ ਮੁੱਖ ਉਦੇਸ਼ ਭ੍ਰਿਸ਼ਟਾਚਾਰ ਦਾ ਮੁਕੰਮਲ ਤੌਰ ਤੇ ਖਾਤਮਾ ਕਰਨਾ ਹੈ|
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਹੈਲਪਲਾਈਨ ਨੰਬਰ 9501-200-200 ਸ਼ੁਰੂ ਕੀਤਾ ਗਿਆ , ਲੋਕ ਇਸ ਨੰਬਰ ਤੇ ਭ੍ਰਿਸ਼ਟਾਚਾਰੀਆਂ ਸਬੰਧੀ ਸੂਚਨਾ ਦੇ ਸਕਦੇ ਹਨ ਜਾਂ ਹੈਲਪਲਾਈਨ ਨੰਬਰ 1800-1800-1000 ਤੇ ਕਾਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਆਲੇ ਦੁਆਲੇ ਕਿਤੇ ਵੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਜਿਵੇਂ ਗਲੀਆਂ ਨਾਲੀਆਂ, ਸੜਕਾਂ ਬਣਾਉਣਾ, ਖਾਲੇ ਬਣਾਉਨਾ, ਫਲਸ਼ਾਂ ਬਣਾਉਣਾ ਜਾਂ ਦਫਤਰਾਂ ਵਿੱਚ ਕੰਮ ਕਰਵਾਉਣ ਜਾਣ ਸਮੇਂ ਕਿਤੇ ਵੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤਾਂ ਇੰਨਾ ਹੈਲਪਲਾਈਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਭ੍ਰਿਸ਼ਟਾਚਾਰ ਦੇ ਵਿਰੁੱਧ ਨਕੇਲ ਕੱਸੀ ਜਾ ਸਕੇ| ਉਹਨਾਂ ਕਿਹਾ ਕਿ ਸਾਨੂੰ ਅੱਗੇ ਆ ਕੇ ਇਸ ਮੁਹਿੰਮ ਵਿੱਚ ਵੱਧ ਚੜ ਕੇ ਸਹਿਯੋਗ ਕਰਨਾ ਚਾਹੀਦਾ ਹੈ, ਜੇਕਰ ਆਲੇ ਦੁਆਲੇ ਹੋ ਰਹੇ ਭ੍ਰਿਸ਼ਟਾਚਾਰ ਵਿਰੁੱਧ ਅਸੀਂ ਬੋਲਾਂਗੇ ਨਹੀਂ ਤਾਂ ਅਸੀਂ ਵੀ ਭ੍ਰਿਸ਼ਟਾਚਾਰ ਦਾ ਹਿੱਸਾ ਮੰਨੇ ਜਾਵਾਂਗੇ|
ਉਨਾਂ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਕੋਈ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਹੈ ਤਾਂ ਉਹ ਵੀ ਭ੍ਰਿਸਟਾਚਾਰ ਦੇ ਘੇਰੇ ਵਿੱਚ ਆਉਂਦਾ ਹੈ ਉਸ ਸਬੰਧੀ ਵੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ ਜਾਵੇ |
ਇਸ ਮੌਕੇ ਪਿੰਡ ਦੇ ਸਰਪੰਚ ਭਜਨ ਲਾਲ ਨੇ ਵਿਜੀਲੈਂਸ ਵਿਭਾਗ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਅੰਦਰ ਜਾਗਰੂਕਤਾ ਪੈਦਾ ਕਰਦੇ ਹਨ ਤੇ ਇਸ ਨਾਲ ਇਮਾਨਦਾਰੀ ਦੀ ਭਾਵਨਾ ਪੈਦਾ ਹੁੰਦੀ ਹੈ|
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੁਪਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸਖਸ਼ੀਅਤ ਉਸਾਰੀ ਅਤੇ ਜਿੰਮੇਵਾਰ ਨਾਗਰਿਕ ਬਣਨ ਬਾਰੇ ਜਾਣਕਾਰੀ ਦਿੱਤੀ|
ਇਸ ਦੌਰਾਨ ਸੇਵਾ ਮੁਕਤ ਅਧਿਆਪਕ ਰਵੇਲ ਸਿੰਘ ਨੇ ਬੱਚਿਆਂ ਨੂੰ ਨੈਤਿਕ ਸਿੱਖਿਆ ਹਾਸਿਲ ਕਰਨ ਬਾਰੇ ਜਾਗਰੂਕ ਕੀਤਾ | ਉਹਨਾਂ ਕਿਹਾ ਕਿ ਸਾਨੂੰ ਸਮਾਜ ਅੰਦਰ ਚੰਗੀ ਮਿਸਾਲ ਵਜੋਂ ਬਣ ਕੇ ਦਿਖਾਣਾ ਚਾਹੀਦਾ ਹੈ, ਕਦੇ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਅਤੇ ਜੇਕਰ ਕੋਈ ਸਾਡਾ ਦੋਸਤ ਭਰਾ ਸਾਥੀ ਮਾੜੀ ਸੰਗਤ ਵਿੱਚ ਹੈ ਤਾਂ ਉਸ ਨੂੰ ਸਿਧੇ ਰਸਤੇ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ|
ਇਸ ਮੌਕੇ ਪ੍ਰਿੰਸੀਪਲ ਬਾਬੂ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਯੋਜਿਤ ਕੀਤੇ ਗਏ ਸੈਮੀਨਾਰ ਦੀ ਸ਼ਲਾਘਾ ਕੀਤੀ|
ਇਸ ਮੌਕੇ ਇੰਸਪੈਕਟਰ ਚੰਦਰ ਸ਼ੇਖਰ ਅਤੇ ਅਧਿਆਪਕ ਸਟਾਫ ਮੌਜੂਦ ਸੀ।