ਮੁੰਬਈ, 30 ਅਕਤੂਬਰ, ਦੇਸ਼ ਕਲਿਕ ਬਿਊਰੋ :
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਧਮਕੀ ਦੇਣ ਵਾਲੇ ਵਿਅਕਤੀ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ।
ਮੁੰਬਈ ਟ੍ਰੈਫਿਕ ਪੁਲਸ ਨੂੰ ਮਿਲੀ ਇਸ ਧਮਕੀ ‘ਚ ਕਿਹਾ ਗਿਆ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਐਕਟਰ ਦੀ ਜਾਨ ਲੈ ਲਈ ਜਾਵੇਗੀ। ਮੈਸੇਜ ਮਿਲਣ ਤੋਂ ਬਾਅਦ ਵਰਲੀ ‘ਚ ਮੌਜੂਦ ਅਧਿਕਾਰੀਆਂ ਨੇ ਸੰਦੇਸ਼ ਭੇਜਣ ਵਾਲੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ 5 ਦਿਨ ਪਹਿਲਾਂ ਵੀ ਸਲਮਾਨ ਨੂੰ ਇਸੇ ਤਰ੍ਹਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਦੋਸ਼ੀ ਨੂੰ ਮੁੰਬਈ ਪੁਲਸ ਨੇ ਮੰਗਲਵਾਰ ਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੀ ਪਛਾਣ ਮੁਹੰਮਦ ਤਇਅਬ (20) ਵਜੋਂ ਹੋਈ ਹੈ। ਏਸੀਪੀ ਨੋਇਡਾ ਪ੍ਰਵੀਨ ਕੁਮਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਸੂਰਜਪੁਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਥੋਂ ਮੁੰਬਈ ਪੁਲਸ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈ ਜਾਵੇਗੀ।10:56 AM