ਲੁਧਿਆਣਾ, 31 ਅਕਤੂਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਇੱਕ ਵਿਦਿਆਰਥੀ ਵੱਲੋਂ ਫਿਨਾਇਲ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਨਪੁਰ ਸਥਿਤ ਸਰਕਾਰੀ ਸਕੂਲ ‘ਚ ਬੀਤੀ ਦੇਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਬਾਥਰੂਮ ‘ਚ ਫਿਨਾਇਲ ਪੀ ਲਿਆ।
ਵਿਦਿਆਰਥੀ ਵੱਲੋਂ ਸਕੂਲ ਵਿੱਚ ਫਿਨਾਇਲ ਪੀਣ ਤੋਂ ਬਾਅਦ ਉਸ ਦੇ ਸਾਥੀ ਵਿਦਿਆਰਥੀ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਮੁੱਲਾਪੁਰ ਦੇ ਸਿਵਲ ਹਸਪਤਾਲ ਲੈ ਗਏ, ਜਿੱਥੋਂ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ।
ਵਿਦਿਆਰਥੀ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਹਸਨਪੁਰ ਦੇ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਕਿਸੇ ਵਿਦਿਆਰਥੀ ਨੇ ਸਕੂਲ ਵਿੱਚ ਪਟਾਕਾ ਚਲਾ ਦਿੱਤਾ। ਜਿਸ ਕਾਰਨ ਸਕੂਲ ਵਿੱਚ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਸਕੂਲ ਦਾ ਇੱਕ ਅਧਿਆਪਕ ਉਸ ਦੀ ਕਲਾਸ ਵਿੱਚ ਆਇਆ ਅਤੇ ਬਿਨਾਂ ਕਿਸੇ ਕਾਰਨ ਉਸ ਨੂੰ ਵਾਲਾਂ ਤੋਂ ਖਿੱਚ ਕੇ ਕਲਾਸ ਵਿੱਚੋਂ ਬਾਹਰ ਕੱਢ ਲਿਆ ਅਤੇ ਕੁੱਟਦਾ ਹੋਇਆ ਪ੍ਰਿੰਸੀਪਲ ਦੇ ਕਮਰੇ ਵਿੱਚ ਲੈ ਗਿਆ।ਇਹ ਦੇਖ ਕੇ ਸਾਰਾ ਸਕੂਲ ਉਸ ‘ਤੇ ਹੱਸਦਾ ਰਿਹਾ।
ਉਸ ਨੇ ਉਕਤ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਕਈ ਵਾਰ ਕਿਹਾ ਕਿ ਉਸ ਨੇ ਪਟਾਕਾ ਨਹੀਂ ਚਲਾਇਆ। ਕੁੱਟਮਾਰ ਦੀ ਘਟਨਾ ਤੋਂ ਦੁਖੀ ਸ਼ਿਵ ਨੇ ਸਕੂਲ ਦੇ ਬਾਥਰੂਮ ਵਿੱਚ ਜਾ ਕੇ ਫਿਨਾਇਲ ਪੀ ਲਿਆ। ਜਿਸ ਕਾਰਨ ਉਸ ਦੀ ਹਾਲਤ ਵਿਗੜਨ ਲੱਗੀ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਸਕੂਲ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ।
Published on: ਅਕਤੂਬਰ 31, 2024 12:17 ਬਾਃ ਦੁਃ