“ਮਾਮਲਾ ਕੇਂਦਰੀ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਹਟਾਉਏ ਜਾਣ ਦਾ”
ਪਟਿਆਲਾ, 1 ਨਵੰਬਰ, ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾਉਣ ਮਗਰੋਂ ਹਟਾ ਲਏ ਜਾਣ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਹੈ ।
ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਪਰਿਵਾਰਾਂ ਵੱਲੋਂ ਗੁਲਾਮੀ ਰਾਜ ਨੂੰ ਖਤਮ ਕਰਨ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਗਈਆਂ ਹਨ ਤੇ ਸਿੱਖ ਕੌਮ ਵੱਲੋਂ ਹਰ ਧਰਮ ਦੇ ਤਿਉਹਾਰਾਂ ਤੇ ਸੱਭਿਆਚਾਰ ਦਾ ਹਮੇਸ਼ਾਂ ਸਤਿਕਾਰ ਕੀਤਾ ਜਾਂਦਾ ਹੈ, ਪ੍ਰੰਤੂ ਜੇਕਰ ਸਿੱਖ ਧਰਮ ਬਾਰੇ ਕਿਸੇ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਣੀਆ ਸਾਹਮਣੇ ਆਉਣ ਤਾਂ ਉਹਨਾਂ ਨੂੰ ਕਿਸੇ ਵੀ ਕ਼ੀਮਤ ਤੇ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਅਧੀਨ ਚੱਲ ਰਹੇ ਇਸ ਮੰਤਰਾਲਿਆ ਵੱਲੋਂ ਸਿੱਖ ਧਰਮ ਨਾਲ ਬੇਗਾਨਗੀ ਵਾਲਾ ਵਰਤਾਓ ਕੀਤਾ ਜਾਣਾ ਨਿਰਪੱਖ ਰੂਪ ਵਿੱਚ ਸਾਹਮਣੇ ਆਇਆ ਹੈ ਤੇ ਕੇਂਦਰੀ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਸਿੱਖ ਧਰਮ ਨੂੰ ਹਮੇਸ਼ਾ ਉਹਨਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਅਸਲ ਜਾਣਕਾਰੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੂੰ ਮੁਹਈਆ ਕਰਵਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦੇਖਣ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਦੇ ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਸੋਸ਼ਲ ਮੀਡੀਆ ’ਤੇ ਬੰਦੀ ਛੋੜ ਦਿਹਾੜੇ ਸਬੰਧੀ ਇਕ ਪੋਸਟ ਪਾਈ ਗਈ ਸੀ, ਜਿਸ ਵਿਚ ਬੰਦੀ ਛੋੜ ਦਿਹਾੜੇ ਦੇ ਇਤਿਹਾਸ ਨੂੰ ਉਜਾਗਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਪੋਸਟ ਰਾਹੀਂ ਬੰਦੀ ਛੋੜ ਦਿਵਸ ਸਬੰਧੀ ਇਕ ਵੀਡੀਓ ਵੀ ਦਰਸਾਈ ਗਈ ਸੀ, ਜਿਸ ਨੂੰ ਕੁਝ ਚਿਰ ਬਾਅਦ ਹੀ ਹਟਾ ਦਿੱਤਾ ਗਿਆ, ਜਿਸ ਕਾਰਨ ਸਿੱਖ ਕੌਮ ਵੱਲੋਂ ਇਸ ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ ।
ਪ੍ਰੋ. ਬਡੁੰਗਰ ਨੇ ਕਿਹਾ ਕਿ ਦੇਸ਼ ਦੇ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਸਿੱਖ ਧਰਮ ਨਾਲ ਸੰਬੰਧਿਤ ਬੰਦੀ ਛੋੜ ਦਿਵਸ ਸਬੰਧੀ ਇਹਨਾਂ ਪੋਸਟਾਂ ਨੂੰ ਸੋਸ਼ਲ ਮੀਡੀਆ ਤੇ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਦੂਸਰੇ ਧਰਮਾਂ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਲੋਕਾਂ ਨੂੰ ਸਿੱਖ ਧਰਮ ਦੇ ਇਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਮਿਲ ਸਕੇ ।