ਇਸਲਾਮਾਬਾਦ, 2 ਨਵੰਬਰ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸ਼ੁੱਕਰਵਾਰ ਨੂੰ ਹੋਏ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 5 ਬੱਚੇ ਅਤੇ ਇੱਕ ਪੁਲਿਸ ਮੁਲਾਜ਼ਮ ਸ਼ਾਮਲ ਹੈ। ਇਸ ਤੋਂ ਇਲਾਵਾ 23 ਹੋਰ ਲੋਕ ਵੀ ਜ਼ਖਮੀ ਹੋਏ ਹਨ। ਧਮਾਕੇ ਨੂੰ ਅੰਜਾਮ ਦੇਣ ਲਈ ਮੋਟਰਸਾਈਕਲ ‘ਤੇ ਰਿਮੋਟ ਕੰਟਰੋਲ ਵਾਲਾ ਆਈਈਡੀ ਬੰਬ ਲਾਇਆ ਗਿਆ ਸੀ।
ਇਹ ਧਮਾਕਾ ਮਸਤੁੰਗ ਜ਼ਿਲ੍ਹੇ ਦੇ ਸਿਵਲ ਹਸਪਤਾਲ ਚੌਕ ‘ਤੇ ਗਰਲਜ਼ ਸੈਕੰਡਰੀ ਸਕੂਲ ਨੇੜੇ ਹੋਇਆ। ਸਥਾਨਕ ਪੁਲਿਸ ਸੁਪਰਡੈਂਟ ਰਹਿਮਤ ਉੱਲਾ ਨੇ ਦੱਸਿਆ ਕਿ ਇਸ ਹਮਲੇ ਦਾ ਨਿਸ਼ਾਨਾ ਪੁਲਿਸ ਵੈਨ ਸੀ ਜੋ ਪੋਲੀਓ ਟੀਕਾਕਰਨ ਟੀਮ ਨੂੰ ਲੈਣ ਜਾ ਰਹੀ ਸੀ।
ਇੱਕ ਹੋਰ ਪੁਲਿਸ ਅਧਿਕਾਰੀ ਅਬਦੁਲ ਫਤਾਹ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਧਮਾਕੇ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਦੁਕਾਨਦਾਰ ਦੀ ਮੌਤ ਹੋ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।