ਗਿੱਦੜਬਾਹਾ: 2 ਨਵੰਬਰ, ਦੇਸ਼ ਕਲਿੱਕ ਬਿਓਰੋ
ਗਿੱਦੜਬਾਹਾ ਹਲਕਾ ਵੱਡੇ ਸਿਆਸਤਦਾਨਾਂ ਜਾਂ ਕਹਿ ਲਓ ਧੜਵੈਲਾਂ ਦਾ ਹਲਕਾ ਹੈ। ਇਸ ਹਲਕੇ ਵਿੱਚ 42 ਪਿੰਡ ਅਤੇ ਗਿੱਦੜਬਾਹਾ ਕਸਬਾ ਪੈਂਦਾ ਹੈ, ਇਸ ਕਸਬੇ ਦੀ ਆਬਾਦੀ ਲਗਭਗ 22 ਹਜ਼ਾਰ ਹੈl ਗਿੱਦੜਬਾਹਾ ਹਲਕਾ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਉਨਾਂ ਵੱਲੋਂ ਦਿੱਤੇ ਅਸਤੀਫੇ ਕਾਰਨ ਖਾਲੀ ਹੋ ਗਿਆ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਚੋਣ ਹੋ ਰਹੀ ਹੈ ਰਾਜਾ ਵੜਿੰਗ ਨੇ ਬੀਜੇਪੀ ਦੇ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਪਾਰਲੀਮੈਂਟ ਹਲਕੇ ਤੋਂ ਲਗਭਗ 20 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਸਮੇਂ ਇਸ ਹਲਕੇ ਵਿੱਚ ਕਾਂਗਰਸ ਵੱਲੋਂ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਕਾਂਗਰਸ ਦੀ ਉਮੀਦਵਾਰ ਹੈ। ਭਾਜਪਾ ਵੱਲੋਂ ਇਸ ਹਲਕੇ ਵਿੱਚੋਂ ਚਾਰ ਵਾਰ ਜਿੱਤੇ ਮਨਪ੍ਰੀਤ ਸਿੰਘ ਬਾਦਲ ਹਨ ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਵਿੱਚੋਂ ਪਾਰਟੀ ਬਦਲ ਕੇ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਉਮੀਦਵਾਰ ਹਨ l ਮਨਪ੍ਰੀਤ ਬਾਦਲ 2023 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ l
ਗਿੱਦੜ ਬਾਹੇ ਦੀ ਕਿਸਮਤ ਕਹਿ ਲਓ ਜਾਂ ਪ੍ਰਾਪਤੀ ਇੱਥੇ ਹਮੇਸ਼ਾ ਵੱਡੇ ਬੰਦੇ ਹੀ ਚੋਣ ਲੜਦੇ ਰਹੇ ਹਨ। ਇਸ ਹਲਕੇ ਤੋਂ ਪੰਜ ਵਾਰ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੋਣ ਜਿੱਤੇ ਸਨ। ਕਾਂਗਰਸ ਦੇ ਮੁੱਖ ਮੰਤਰੀ ਰਹੇ ਹਰਚਰਨ ਸਿੰਘ ਬਰਾੜ ਵੀ ਇਸ ਹਲਕੇ ਤੋਂ ਚੋਣ ਜਿੱਤੇ ਹਨ ਇਸੇ ਤਰ੍ਹਾਂ ਪੰਜਾਬ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਅਤੇ ਟਰਾਂਸਪੋਰਟ ਮੰਤਰੀ ਰਹੇ ਰਾਜਾ ਵੜਿੰਗ ਵੀ ਇਥੋਂ ਐਮਐਲਏ ਰਹੇ ਹਨ ਅਤੇ ਹਲਕੇ ਦੀ ਬਦਕਿਸਮਤੀ ਕਹਿ ਲਓ ਕਿ ਇਹ ਹਲਕਾ ਪੰਜਾਬ ਦੇ ਆਮ ਹਲਕਿਆਂ ਵਾਂਗ ਛੋਟੀਆਂ ਛੋਟੀਆਂ ਸਹੂਲਤਾਂ ਲਈ ਵੀ ਤਰਸ ਰਿਹਾ ਹੈ। ਹਲਕੇ ਦੇ ਲੋਕਾਂ ਨੇ ਅਜੇ ਪਿਛਲੇ 24 ਅਕਤੂਬਰ ਨੂੰ ਇਕ ਮਹੀਨਾ ਲੰਬਾ ਧਰਨਾ ਇਸ ਕਰਕੇ ਲਾਇਆ ਸੀ ਕਿ ਲੋਕ ਗਿੱਦੜਵਾਹਾ ਰੇਲਵੇ ਲਾਈਨ ‘ਤੇ ਓਵਰ ਬ੍ਰਿਜ ਦੀ ਉਸਾਰੀ ਚਾਹੁੰਦੇ ਸਨ। ਇਹੀ ਨਹੀਂ ਗਿੱਦੜ ਬਾਹੇ ਵਿੱਚ ਕੋਈ ਵੀ ਕੂੜਾ ਡੰਪ ਨਹੀਂ ਹੈ ਅਤੇ ਸ਼ਹਿਰ ਦਾ ਸਾਰਾ ਕੂੜਾ ਸ਼ਹਿਰ ਤੋਂ ਬਾਹਰ ਸੜਕਾਂ ਦੇ ਨੇੜੇ ਹੀ ਢੇਰੀ ਕੀਤਾ ਜਾਂਦਾ ਹੈ। ਸ਼ਹਿਰ ਵਿੱਚ ਸੀਵਰੇਜ ਦੀ ਬਹੁਤ ਮਾੜੀ ਹਾਲਤ ਹੈ l ਜਦੋਂ ਬਰਸਾਤ ਪੈਂਦੀ ਹੈ, ਸ਼ਹਿਰ ਵਿੱਚ ਉਸ ਸਮੇਂ ਪਾਣੀ ਭਰ ਜਾਂਦਾ ਹੈ ਜਿਸ ਦਾ ਅਜੇ ਤੱਕ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਪੱਕਾ ਹੱਲ ਨਹੀਂ ਕੀਤਾ l
ਗਿੱਦੜ ਬਾਹਾ ਹਲਕੇ ਦੇ ਇਤਿਹਾਸ ਤੇ ਨਜ਼ਰ ਮਾਰਿਆਂ ਇਸ ਦੀ ਵਿਰਾਸਤ ਬਹੁਤ ਅਮੀਰ ਲੱਗਦੀ ਹੈ ਇਥੋਂ ਪੰਜ ਵਾਰ ਮੁੱਖ ਮੰਤਰੀ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਵਿਧਾਇਕ ਬਣੇ ਸਨ। ਸ. ਬਾਦਲ 1967 ਵਿੱਚ ਪਹਿਲੀ ਵਾਰ ਇਸ ਹਲਕੇ ਤੋਂ ਚੋਣ ਲੜੇ ਸਨ, ਪਰ 57 ਵੋਟਾਂ ਦੇ ਫਰਕ ਨਾਲ ਹਰਚਰਨ ਸਿੰਘ ਬਰਾੜ ਤੋਂ ਹਾਰ ਗਏ ਸਨ। ਪਰ ਇਸ ਤੋਂ ਬਾਅਦ ਲਗਾਤਾਰ ਪੰਜ ਵਾਰ 1969, 1972, 1977, 1980 ਅਤੇ 1985 ਵਿੱਚ ਉਹ ਇਥੋਂ ਚੋਣਾਂ ਜਿੱਤਦੇ ਰਹੇ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਜਿੱਤ ਕੇ ਪੰਜਾਬ ਦੇ ਤੇਰਵੇਂ ਮੁੱਖ ਮੰਤਰੀ ਬਣੇ ਹਰਚਰਨ ਬਰਾੜ ਵੀ ਇਸ ਹਲਕੇ ਵਿੱਚੋਂ 1969 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਵਿਧਾਇਕ ਬਣੇ ਸਨ l
ਇਹ ਵੀ ਪੜ੍ਹੋ: ਪੰਜਾਬ ‘ਚ ਲਗਾਤਾਰ ਤਿੰਨ ਦਿਨ ਰਹਿਣਗੀਆਂ ਛੁੱਟੀਆਂ
ਇਸ ਹਲਕੇ ਵਿੱਚੋਂ ਜਗਮੀਤ ਸਿੰਘ ਬਰਾੜ ਜੋ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਰਹੇ ਹਨ, ਦੋ ਵਾਰ ਫਰੀਦਕੋਟ ਪਾਰਲੀਮੈਂਟ ਹਲਕੇ ਤੋਂ ਚੋਣ ਜਿੱਤੇ ਹਨ ਜਿਸ ਵਿੱਚ ਗਿੱਦੜਵਾਹਾ ਹਲਕਾ ਵੀ ਪੈਂਦਾ ਸੀ। ਜਗਮੀਤ ਬਰਾੜ 1991 ਅਤੇ 1999 ਵਿੱਚ ਇਥੋਂ ਜਿੱਤੇ ਸਨ ਪਰ ਅਕਾਲੀ ਦਲ ਬਾਦਲ ਵੱਲੋ ਮਨਪ੍ਰੀਤ ਸਿੰਘ ਬਾਦਲ 1995 ਦੀ ਜ਼ਿਮਨੀ ਚੋਣ ਤੇ ਫਿਰ 1997, 2002 ਅਤੇ 2007 ਵਿੱਚ ਲਗਾਤਾਰ ਜਿੱਤਦੇ ਰਹੇ ਹਨ ਇਸ ਤੋਂ ਬਾਅਦ ਕਾਂਗਰਸ ਦੇ ਰਾਜਾ ਵੜਿੰਗ 2012 ਵਿੱਚ ਜਿੱਤ ਕੇ ਲਗਾਤਾਰ 2017 ਅਤੇ 2022 ਵਿੱਚ ਇਥੋਂ ਵਿਧਾਇਕ ਚੁਣੇ ਗਏ। ਜਦੋਂ ਕਿ ਮਨਪ੍ਰੀਤ ਬਾਦਲ ਨੇ 2012 ਵਿੱਚ ਆਪਣੀ ਨਵੀਂ ਪਾਰਟੀ ਪੀਪਲਜ ਪਾਰਟੀ ਆਫ ਪੰਜਾਬ ਬਣਾ ਕੇ ਇਥੋਂ ਚੋਣ ਲੜੀ ਸੀ ਪਰ ਉਹ 2012 ਵਿੱਚ ਗਿੱਦੜਬਾਹਾ ਤੋਂ ਹਾਰ ਗਏ ਸਨ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਹਲਕਾ ਬਦਲ ਕੇ ਬਠਿੰਡੇ ਨੂੰ ਚੁਣ ਲਿਆ ਹੁਣ 12 ਸਾਲ ਬਾਅਦ ਮਨਪ੍ਰੀਤ ਬਾਦਲ ਮੁੜ ਗਿੱਦੜਬਾਹਾ ਤੋਂ ਚੋਣ ਲੜਣ ਲਈ ਵਾਪਸੀ ਕਰ ਚੁੱਕੇ ਹਨ l
ਹੁਣ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਸਾਰੀਆਂ ਪਾਰਟੀਆਂ ਇੱਥੇ ਆਪਣਾ ਪ੍ਰਚਾਰ ਕਰ ਰਹੀਆਂ ਹਨ ਪਰ ਅਜੇ ਕੁਝ ਸਮਾਂ ਬਾਅਦ ਪਤਾ ਲੱਗੇਗਾ ਕਿ ਗਿੱਦੜਵਾਹਾ ਕਿਸ ਪਾਰਟੀ ਦੇ ਉਮੀਦਵਾਰ ਦੇ ਸਿਰ ਤੇ ਆਪਣਾ ਤਾਜ ਸਜਾਉਂਦਾ ਹੈ।
Published on: ਨਵੰਬਰ 2, 2024 3:43 ਬਾਃ ਦੁਃ