ਕਿਸਾਨਾਂ ਵੱਲੋਂ ਗਿੱਦੜਬਾਹਾ ਤੇ ਬਰਨਾਲਾ ‘ਚ ਭਾਜਪਾ ਤੇ ਆਪ ਦੇ ਉਮੀਦਵਾਰਾਂ ਦੇ ਘਰਾਂ/ਦਫ਼ਤਰਾਂ ਅੱਗੇ ਪੱਕੇ ਮੋਰਚੇ ਸ਼ੁਰੂ ਕਰਨ ਦਾ ਐਲਾਨ

ਪੰਜਾਬ

ਦਲਜੀਤ ਕੌਰ 

ਚੰਡੀਗੜ੍ਹ, 3 ਨਵੰਬਰ, 2024: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਿਆਸੀ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ/ਦਫ਼ਤਰਾਂ ਅੱਗੇ 26 ਮੋਰਚੇ ਖ਼ਤਮ ਕਰਕੇ ਗਿੱਦੜਬਾਹਾ ਤੇ ਬਰਨਾਲਾ ਹਲਕੇ ਦੀਆਂ ਜ਼ਿਮਨੀ ਚੋਣਾਂ ਵਿੱਚ ਉਮੀਦਵਾਰ ਕ੍ਰਮਵਾਰ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਤੇ ਕੇਵਲ ਸਿੰਘ ਢਿੱਲੋਂ ਅਤੇ ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਹਰਵਿੰਦਰ ਸਿੰਘ ਧਾਲੀਵਾਲ ਦੇ ਘਰਾਂ ਦਫ਼ਤਰਾਂ ਅੱਗੇ 4 ਪੱਕੇ ਮੋਰਚੇ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। 

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਹ ਫੈਸਲਾ ਕੱਲ੍ਹ ਜਥੇਬੰਦੀ ਦੀ ਸੂਬਾ ਕਮੇਟੀ ਮੀਟਿੰਗ ਵਿੱਚ ਕੀਤਾ ਗਿਆ ਸੀ ਜਿਸ ਮੁਤਾਬਕ 26 ਟੌਲ ਮੁਕਤ ਮੋਰਚੇ ਤਾਂ ਬਾਦਸਤੂਰ ਜਾਰੀ ਰੱਖੇ ਜਾਣਗੇ। ਕਿਉਂਕਿ ਪੁਆੜਿਆਂ ਦੀ ਜੜ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੀ ਨੀਤੀ ਹੀ ਹੈ। ਇਸਦੇ ਨਾਲ ਹੀ ਹੁਣ ਤੱਕ ਚੱਲੇ 18-ਰੋਜ਼ਾ ਮੋਰਚਿਆਂ ਦੇ ਜਨਤਕ ਦਬਾਅ ਥੱਲੇ ਮੰਡੀਆਂ ਵਿੱਚ ਸ਼ੁਰੂ ਕੀਤੀ ਗਈ ਝੋਨੇ ਦੀ ਖਰੀਦ ਸਮੇਂ ਆੜ੍ਹਤੀਆਂ ਸ਼ੈਲਰ ਮਾਲਕਾਂ ਅਤੇ ਖ੍ਰੀਦ ਅਧਿਕਾਰੀਆਂ ਦੀ ਮਿਲੀਭੁਗਤ ਰਾਹੀਂ ਪਾਏ ਜਾ ਰਹੇ ਬੇਲੋੜੇ ਅੜਿੱਕੇ ਅਤੇ ਪ੍ਰਤੀ ਕੁਇੰਟਲ 100 ਤੋਂ 200 ਰੁਪਏ ਕੀਤੀ ਜਾ ਰਹੀ ਕਟੌਤੀ ਵਿਰੁੱਧ ਇਸ ਤਿੱਕੜੀ ਵਿਰੁੱਧ ਘਿਰਾਓ ਜਿਹੇ ਸਖ਼ਤ ਜਨਤਕ ਐਕਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਪਰਾਲ਼ੀ ਦੇ ਅੱਗ-ਰਹਿਤ ਨਿਪਟਾਰੇ ਲਈ ਗ੍ਰੀਨ ਟ੍ਰਿਬਿਊਨਲ ਦੀਆਂ ਕਿਸਾਨਾਂ ਪੱਖੀ ਹਦਾਇਤਾਂ ਲਾਗੂ ਨਾ ਕਰਨ ਕਰਕੇ ਮਜਬੂਰੀ ਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਮੁਕੱਦਮੇ, ਜੁਰਮਾਨੇ, ਲਾਲ ਐਂਟ੍ਰੀਆਂ ਅਤੇ ਹੋਰ ਦਬਾਅ-ਪਾਊ ਕਦਮ ਵਾਪਸ ਲੈਣ ਤੱਕ ਡਟਵਾਂ ਜਨਤਕ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ 8% ਪ੍ਰਦੂਸ਼ਣ ਲਈ ਜ਼ਿੰਮੇਵਾਰ ਕਿਸਾਨਾਂ ਸਿਰ ਸਾਰਾ ਦੋਸ਼ ਮੜ੍ਹਨਾ ਅਤੇ 51% ਲਈ ਜ਼ਿੰਮੇਵਾਰ ਸਨਅਤੀ ਘਰਾਣਿਆਂ ਨੂੰ ਦੋਸ਼ ਮੁਕਤ ਕਰਨਾ ਸਰਾਸਰ ਬੇਇਨਸਾਫ਼ੀ ਹੈ। ਹੋਰ ਵੀ ਅੱਗੇ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ ਵਿਰੁੱਧ ਜ਼ਾਬਤਾ ਕਾਰਵਾਈ ਦੇ ਫੁਰਮਾਨ ਪਰ ਚਿੱਟਾ ਵੇਚਣ ਬਾਰੇ ਧਾਰੀ ਚੁੱਪ ਹੋਰ ਵੀ ਵੱਡੀ ਬੇਇਨਸਾਫ਼ੀ ਹੈ। ਇਸੇ ਤਰ੍ਹਾਂ ਲੋੜ ਪੈਣ ‘ਤੇ ਡੀ ਏ ਪੀ ਖਾਦ ਦੀ ਬਿਨਾਂ ਸ਼ਰਤ ਪੂਰੀ ਸਪਲਾਈ ਲੈਣ ਲਈ ਵੀ ਸਖ਼ਤ ਜਨਤਕ ਐਕਸ਼ਨ ਕੀਤੇ ਜਾਣਗੇ। 

ਇਹ ਸਾਰੇ ਐਲਾਨ ਅੱਜ ਜਥੇਬੰਦੀ ਦੇ ਆਧਾਰ ਖੇਤਰ ਵਾਲੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ‘ਤੇ ਜਾਂ ਟੌਲ ਮੁਕਤ ਮੋਰਚਿਆਂ ਵਿੱਚ ਭਾਰੀ ਇਕੱਠਾਂ ਦੌਰਾਨ ਕੀਤੇ ਗਏ। ਇੱਥੇ ਇਹ ਵੀ ਦੱਸਿਆ ਗਿਆ ਕਿ ਨਵੀਂ ਖੇਤੀ ਨੀਤੀ ਮੁਕੰਮਲ ਕਰਕੇ ਲਾਗੂ ਕਰਵਾਉਣ ਸੰਬੰਧੀ 6 ਨਵੰਬਰ ਨੂੰ ਖੇਤ ਮਜ਼ਦੂਰਾਂ ਨਾਲ ਸਾਂਝੇ ਤੌਰ ‘ਤੇ ਜ਼ਿਲ੍ਹਾ ਹੈਡਕੁਆਰਟਰਾਂ ਵਿਖੇ ਕੀਤੇ ਜਾਣ ਵਾਲੇ ਮੁਜ਼ਾਹਰੇ ਇਨ੍ਹਾਂ ਮੋਰਚਿਆਂ ਕਾਰਨ ਫਿਲਹਾਲ ਮੁਲਤਵੀ ਕਰ ਦਿੱਤੇ ਗਏ ਹਨ। ਇਨ੍ਹਾਂ ਇਕੱਠਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਸ਼ਾਮਲ ਹੋਏ। 

ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ ਤੇ ਕਮਲਜੀਤ ਕੌਰ ਬਰਨਾਲਾ ਸਮੇਤ ਜ਼ਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਪੱਕੇ 26 ਟੌਲ ਮੁਕਤ ਮੋਰਚਿਆਂ ਅਤੇ 4 ਉਮੀਦਵਾਰ ਵਿਰੋਧੀ ਮੋਰਚਿਆਂ ਤੋਂ ਇਲਾਵਾ ਮੰਡੀਆਂ ਵਿੱਚ ਅਤੇ ਪਰਾਲ਼ੀ ਜਾਂ ਡੀ ਏ ਪੀ ਸੰਬੰਧੀ ਲਾਏ ਜਾਣ ਵਾਲੇ ਮੋਰਚਿਆਂ ਵਿੱਚ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

diwali-banner1

Latest News

Latest News

Leave a Reply

Your email address will not be published. Required fields are marked *