ਮਾਲੇਰਕੋਟਲਾ 02 ਨਵੰਬਰ : ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਡਾ ਪੱਲਵੀ ਅਤੇ ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਵਿਕਲਪ ਤਰੀਕਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਅੱਜ ਪਿੰਡ ਸੰਗਲਾ,ਸੰਗਾਲੀ,ਨਿਆਮਤਪੁਰਾ, ਉਪਲਹੇੜੀ,ਸਨਪੁਰਨਗੜ੍ਹ, ਨੌਧਰਾਣੀ, ਆਦਮਵਾਲ, ਬਾਗੜੀਆਂ ਆਦਿ ਪਿੰਡਾਂ ਦਾ ਦੌਰਾ ਕੀਤਾ ।ਇਸ ਦੌਰਾਨ ਉਨ੍ਹਾਂ ਪਰਾਲੀ ਸਾੜਨ ਦੀ ਰੋਕਥਾਮ ਲਈ ਪ੍ਰਸ਼ਾਸਨ ਵਲੋਂ ਉਠਾਏ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕੀਤਾ। ਦੌਰੇ ਦੌਰਾਨ ਪਿੰਡ ਨਿਆਮਤਪੁਰਾ ਵਿਖੇ ਨਾੜ ਨੂੰ ਲੱਗੀ ਅੱਗ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਨੇ ਕਿਸਾਨ ਦੇ ਖੇਤ ਵਿੱਚ ਜਾ ਕੇ ਹੋਰ ਸਹਾਇਕਾਂ ਦੀ ਮਦਦ ਨਾਲ ਬੁਝਾਈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਗਠਿਤ ਕੀਤੀਆਂ ਗਈਆਂ ਵਿਸ਼ੇਸ ਟੀਮਾਂ ਵਲੋਂ ਸੰਵੇਦਨਸ਼ੀਲ ਪਿੰਡਾਂ ਦਾ ਲਗਤਾਰ ਦੌਰਾ ਕੀਤਾ ਜਾ ਰਿਹਾ ਹੈ । ਇਹ ਟੀਮਾਂ ਪਿੰਡ-ਪਿੰਡ ਜਾ ਕੇ ਪਰਾਲੀ ਪ੍ਰਬੰਧਨ ਦੇ ਲਾਭ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਹ ਖੁਦ ਹਰ ਰੋਜ਼ ਇਸ ਸਬੰਧੀ ਸਵੇਰੇ ਸਾਮ ਸਮੀਖਿਆ ਕਰ ਰਹੇ ਹਨ ਕਿਉਂਕਿ ਜਿਲ੍ਹਾ ਪ੍ਰਸਾਸ਼ਨ ਅੱਗ ਲਗਾਉਣ ਦੀ ਘਟਨਾਵਾਂ ਨੂੰ ਰੋਕਣ ਲਈ ਪੁਰੀ ਤਰ੍ਹਾਂ ਗੰਭੀਰ ਹੈ ।
ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ.) ਦੁਆਰਾ ਹੁਣ ਤੱਕ 48 ਅੱਗ ਲੱਗਣ ਦੀਆਂ ਘਟਨਾਵਾਂ ਦੀਆਂ ਸੂਚਨਾਵਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਹੇਠਲੇ ਪੱਧਰ ਤੱਕ ਜਾਂਚ ਦੌਰਾਨ 30 ਥਾਵਾਂ ‘ਤੇ ਅੱਗ ਲਾਉਣ ਦੀ ਪੁਸ਼ਟੀ ਨਹੀਂ ਹੋਈ ਹੈ ਬਾਕੀ ਰਹਿੰਦੀਆਂ 11 ਸਥਾਨਾਂ ਦੀ ਭੋਤਿਕ ਪੜਤਾਲ ਦੀ ਰਿਪੋਰਟ ਆਉਂਣੀ ਬਕਾਇਆ ਹੈ। ਉਨ੍ਹਾਂ ਹੋਰ ਦੱਸਿਆ ਕਿ ਕਿਸਾਨ ਵਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਨੂੰ ਸਖਤੀ ਨਾਲ ਨਜਿੱਠਣ ਲਈ ਅਤਿ-ਆਧੁਨਿਕ ਮਸ਼ੀਨਰੀ ਦੇ ਪੂਰੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ,ਇਸ ਦੇ ਬਾਵਜੂਦ ਵੀ ਜ਼ਿਲ੍ਹੇ ਵਿੱਚ 07 ਅੱਗ ਲੱਗਣ ਦੀਆਂ ਘਟਨਾਵਾਂ ਦੀ ਪੁਸਟੀ ਹੋਈ ਹੈ । ਅੱਗਾਂ ਲਗਾਉਣ ਵਾਲੇ ਕਿਸਾਨਾਂ ਨੂੰ 17,500 ਰੁਪਏ ਦਾ ਜੁਰਮਾਨਾ ਕਰਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਕੇਸ ਦਰਜ ਕਰਵਾਉਣ ਲਈ ਉਪਚਾਰਿਕਤਾਵਾਂ ਨੂੰ ਆਰੰਭਿਆ ਗਿਆ ਹੈ।
ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਾਉਣੀ ਦੇ ਸੀਜ਼ਨ ਵਿੱਚ ਫ਼ਸਲਾਂ ਦੀ ਬਿਜਾਈ ਦੇ ਮੱਦੇਨਜ਼ਰ ਕਿਸਾਨਾਂ ਨੂੰ ਖਾਦਾਂ ਢੁੱਕਵੇਂ ਅਤੇ ਵਾਜਬ ਭਾਅ ’ਤੇ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆ ਨੇ ਦੱਸਿਆ ਕਿ ਡੀ.ਏ.ਪੀ ਵਿਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟ੍ਰੋਜਨ ਹੁੰਦੀ ਹੈ। ਇਕ ਹੋਰ ਖਾਦ ਐੱਨ ਪੀ ਕੇ (12:32:16) ਵਿਚ 32 ਫੀਸਦੀ ਫਾਸਫੋਰਸ ਅਤੇ 12 ਫੀਸਦ ਨਾਈਟ੍ਰੋਜਨ ਤੋਂ ਬਿਨਾਂ 16 ਫੀਸਦ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਕ ਬੋਰਾ ਡੀ ਏ ਪੀ ਪਿੱਛੇ ਡੇਢ ਬੋਰਾ ਐੱਨ ਪੀ ਕੇ (12:32:16) ਦੀ ਵਰਤੋਂ ਕੀਤੀ ਜਾ ਸਕਦੀ ਹੈ। ਡੀ.ਏ.ਪੀ. ਦੇ ਤੀਸਰੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿੰਗਲ ਸੁਪਰਫਾਸਫੇਟ ਵਿਚ 16 ਫੀਸਦੀ ਫਾਸਫੋਰਸ ਤੱਤ ਮਿਲਦਾ ਹੈ ਅਤੇ ਇਸਦੇ ਤਿੰਨ ਬੋਰਿਆਂ ਨਾਲ ਫਾਸਫੋਰਸ ਤੱਤ ਦੀ ਪੂਰਤੀ ਤੋਂ ਬਿਨਾਂ 18 ਕਿੱਲੋ ਗੰਧਕ ਵੀ ਕਣਕ ਦੀ ਫਸਲ ਨੂੰ ਮਿਲ ਸਕਦੀ ਹੈ। ਮਾਹਿਰਾਂ ਨੇ ਕਿਹਾ ਕਿ ਟਿ੍ਰਪਲ ਸੁਪਰ ਫਾਸਫੇਟ ਨੂੰ ਬਜ਼ਾਰ ਵਿਚ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ ਇਸ ਵਿਚ ਡੀ ਏ ਪੀ ਦੇ ਬਰਾਬਰ 46 ਫੀਸਦੀ ਫਾਸਫੋਰਸ ਤੱਤ ਦੀ ਮਾਤਰਾ ਮਿਲਦੀ ਹੈ। ਇਹ ਨਵੀਂ ਉੱਚ ਫਾਸਫੋਰਸ ਖਾਦ ਹੈ ਅਤੇ ਕਿਸਾਨ ਪਹਿਲੀ ਵਾਰ ਇਸ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਐੱਨ ਪੀ ਕੇ (12:32:16) ਡੀ ਏ ਪੀ ਦਾ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ ਕਿਉਂਕਿ ਇਸਦਾ ਡੇਢ ਬੋਰਾ ਲਗਭਗ ਉਹੀ ਫਾਸਫੋਰਸ ਅਤੇ ਨਾਈਟ੍ਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ ਜੋ ਡੀ.ਏ.ਪੀ ਦੇ ਬਰਾਬਰ ਹੈ ਅਤੇ ਇਸ ਤੋਂ ਇਲਾਵਾ ਇਹ 23 ਕਿਲੋਗ੍ਰਾਮ ਪੋਟਾਸ਼ ਵੀ ਦਿੰਦਾ ਹੈ। ਹੋਰ ਬਦਲਾਂ ਵਿਚ ਐੱਨ ਪੀ ਕੇ (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਤੱਤ ਲਈ ਸਿੰਗਲ ਸੁਪਰ ਫਾਸਫੇਟ ਜਾਂ ਟਿ੍ਰਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ।
ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਪਰਾਲੀ ਸਾੜਨ ਨਾਲ ਨਾ ਕੇਵਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਬਲਕਿ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਰਾਲੀ ਦੇ ਯੋਗ ਪ੍ਰਬੰਧਨ ਨੂੰ ਤਰਜੀਹ ਦੇਣ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਿਕਲਪਿਕ ਤਰੀਕਿਆਂ ਦੀ ਵਰਤੋਂ ਕਰਨ।
Published on: ਨਵੰਬਰ 3, 2024 2:52 ਬਾਃ ਦੁਃ