ਫਗਵਾੜਾ, 4 ਨਵੰਬਰ, ਦੇਸ਼ ਕਲਿੱਕ ਬਿਓਰੋ :
ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਕਸਟਮ ਵਿਭਾਗ ਦੇ ਇੱਕ ਸਹਾਇਕ ਕਮਿਸ਼ਨਰ ਰੈਂਕ ਦੇ ਅਧਿਕਾਰੀ ਦੀ ਮੌਤ ਹੋ ਗਈ। ਮ੍ਰਿਤਕ ਅਧਿਕਾਰੀ ਦੀ ਪਹਿਚਾਣ ਸੇਵਾ ਰਾਮ ਵਜੋਂ ਹੋਈ ਹੈ, ਜੋ ਸ੍ਰੀ ਗੁਰੂ ਰਵਿਦਾਸ ਨਗਰ ਜਲੰਧਰ ਦੇ ਰਹਿਣ ਵਾਲੇ ਸਨ। ਇਹ ਹਾਦਸੇ ਬੀਤੇ ਕੱਲ੍ਹ ਫਗਵਾੜਾ-ਜਲੰਧਰ ਨੰਗਲ ਰੇਲਵੇ ਫਾਟਕੇ ਨੇੜੇ ਵਾਪਰਿਆ।
ਰੇਲਵੇ ਥਾਣਾ ਇੰਚਾਰਜ ਜੋਧ ਸਿੰਘ ਨੇ ਦੱਸਿਆ ਕਿ ਸੇਵਾ ਰਾਮ ਜਲੰਧਰ ‘ਚ ਕਸਟਮ ਵਿਭਾਗ ‘ਚ ਸਹਾਇਕ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਸਨ ਅਤੇ ਉਹ ਨੰਗਲ ਰੇਲਵੇ ਫਾਟਕ ਦੀ ਜ਼ਮੀਨ ਦੀ ਮਿਣਤੀ ਕਰਨ ਲਈ ਟੇਪ ਲੈ ਕੇ ਪਹੁੰਚੇ ਸਨ।
ਦੱਸਿਆ ਜਾ ਰਿਹਾ ਹੇ ਕਿ ਜਦੋਂ ਸੇਵਾ ਰਾਮ ਰੇਲਵੇ ਲਾਈਨ ‘ਤੇ ਨਾਪ ਲੈਣ ਦੀ ਤਿਆਰੀ ਕਰ ਰਹੇ ਸਨ ਤਾਂ ਇਸ ਦੌਰਾਨ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੀ ਇੱਕ ਪੈਸੰਜਰ ਟਰੇਨ ਆਉਂਦੀ ਦਿਖਾਈ ਦਿੱਤੀ। ਉਹ ਤੁਰੰਤ ਉਕਤ ਟਰੈਕ ਪਾਰ ਕਰਕੇ ਕਿਸੇ ਹੋਰ ਰੇਲਵੇ ਲਾਈਨ ‘ਤੇ ਪਹੁੰਚੇ, ਪਰ ਇਸ ਦੌਰਾਨ ਹੀ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਮਾਲ ਗੱਡੀ ਆ ਗਈ, ਜੋ ਕਿ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤੀ ਅਤੇ ਉਹ ਰੇਲ ਗੱਡੀ ਦੀ ਲਪੇਟ ‘ਚ ਆ ਗਏ। ਨਤੀਜੇ ਵੱਜੋਂ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।