ਓਟਾਵਾ, 4 ਨਵੰਬਰ, ਦੇਸ਼ ਕਲਿਕ ਬਿਊਰੋ:
ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਇਕ ਹਿੰਦੂ ਮੰਦਰ ‘ਚ ਖਾਲਿਸਤਾਨੀਆਂ ਨੇ ਕਥਿਤ ਤੌਰ ‘ਤੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਘਟਨਾ ਐਤਵਾਰ ਦੀ ਹੈ, ਜਦੋਂ ਇੱਥੇ ਪੂਜਾ ਲਈ ਆਏ ਲੋਕਾਂ ‘ਤੇ ਇਕ ਸਮੂਹ ਨੇ ਹਮਲਾ ਕਰ ਦਿੱਤਾ। ਇਸ ਘਟਨਾ ਦੀਆਂ ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਕੁਝ ਲੋਕ ਹਿੰਦੂ ਸਭਾ ਮੰਦਰ ਦੇ ਬਾਹਰ ਲਾਠੀਆਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ।
ਇਸ ਹਮਲੇ ਦੀ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਕੱਟੜਪੰਥੀਆਂ ਨੂੰ ਕੈਨੇਡਾ ਵਿੱਚ ਖੁੱਲ੍ਹ ਮਿਲ ਰਹੀ ਹੈ।
ਕੈਨੇਡਾ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਆਰੀਆ ਨੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ ਵਿੱਚ ਹਿੰਸਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਖਾਲਿਸਤਾਨੀ ਕੱਟੜਪੰਥੀ ਲਾਲ ਲਕੀਰ ਪਾਰ ਕਰ ਚੁੱਕੇ ਹਨ। ਇਹ ਹਮਲਾ ਦਰਸਾਉਂਦਾ ਹੈ ਕਿ ਕੈਨੇਡਾ ਵਿੱਚ ਖਾਲਿਸਤਾਨੀ ਕੱਟੜਪੰਥੀ ਹਿੰਸਾ ਕਿੰਨੀ ਡੂੰਘੀ ਅਤੇ ਬੇਸ਼ਰਮ ਹੋ ਗਈ ਹੈ।