ਚੰਡੀਗੜ੍ਹ: 6 ਨਵੰਬਰ, ਦੇਸ਼ ਕਲਿੱਕ ਬਿਓਰੋ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪੰਥ ਦੇ ਮੌਜੂਦਾ ਮਾਮਲਿਆਂ ਬਾਰੇ ਵਿਚਾਰ ਕਰਨ ਲਈ ਬੁਲਾਏ ਗਏ ਵਿਦਵਾਨਾਂ ਦੀ ਇਕੱਤਰਤਾ ਵਿੱਚ ਵੱਖ-ਵੱਖ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ ਅਤੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਸਿੱਖ ਪੰਥ ਦੇ ਸਮੁੱਚੇ ਹਿੱਤਾਂ ਅਤੇ ਮਸਲਿਆਂ ਪ੍ਰਤੀ ਵਿਆਪਕ ਪਹੁੰਚ ਅਪਣਾਉਣ ਅਤੇ ਪੰਥਕ ਘੇਰਾ ਵਿਸ਼ਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਹੋਰ ਸਿੱਖ ਵਿਦਵਾਨਾਂ ਦੇ ਵਿਚਾਰ ਉਚੇਚੇ ਤੌਰ ‘ਤੇ ਲਏ ਗਏ | ਕੁਝ ਵਿਦਵਾਨਾਂ ਨੇ ਆਪਣੇ ਲਿਖਤੀ ਵਿਚਾਰ ਵੀ ਭੇਜੇ ਸਨ, ਜੋ ਇਸ ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਨਹੀਂ ਸਨ।ਇਸ ਮੌਕੇ ਸਮੂਹ ਵਿਦਵਾਨਾਂ ਦੇ ਵਿਚਾਰ ਸੁਣਨ ਉਪਰੰਤ ਸਿੰਘ ਸਾਹਿਬਾਨ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਮੇਂ-ਸਮੇਂ ‘ਤੇ ਪੰਥ ਦੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨਾਲ ਕੌਮੀ ਮੁੱਦਿਆਂ ‘ਤੇ ਵਿਚਾਰਾਂ ਕਰਨ ਦੀ ਪੰਥ ਵਿਚ ਰਵਾਇਤ ਰਹੀ ਹੈ ਅਤੇ ਭਵਿੱਖ ਚ ਵੀ ਇਸ ਰਵਾਇਤ ਨੂੰ ਬਰਕਰਾਰ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਸੰਪਰਦਾਵਾਂ ਦੇ ਮਸਲੇ ਵਿਚਾਰੇ ਜਾਣਗੇ। ਤਾਂ ਜੋ ਕੌਮ ਦੀ ਸਮੂਹਿਕ ਅਤੇ ਸਰਬਸੰਮਤੀ ਵਾਲੀ ਰਾਏ ਨੂੰ ਵਿਆਪਕ ਪੰਥਕ ਸੰਦਰਭ ਵਿੱਚ ਸਿੱਖ ਸੰਸਥਾਵਾਂ ਦੇ ਕਾਰਜਾਂ ਦਾ ਹਿੱਸਾ ਬਣਾ ਕੇ ਪੰਥ ਨੂੰ ਨਵੀਂਆਂ ਅਤੇ ਉਜਵਲ ਦਿਸ਼ਾਵਾਂ ਵੱਲ ਲਿਜਾਇਆ ਜਾ ਸਕੇ। ਆਉਣ ਵਾਲੇ ਦਿਨਾਂ ਵਿੱਚ ਜਥੇਦਾਰਾਂ ਦੀ ਮੀਟਿੰਗ ਬੁਲਾਉਣ ਤੋਂ ਪਹਿਲਾਂ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਬੁਲਾਈ ਜਾਵੇਗੀ।