ਸ਼੍ਰੀਨਗਰ, 7 ਨਵੰਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਵੀਰਵਾਰ ਨੂੰ ਵਿਧਾਇਕਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ਨੇ ਇੱਕ-ਦੂਜੇ ਦੇ ਕਾਲਰ ਫੜ ਕੇ ਇੱਕ ਦੂਜੇ ਨੂੰ ਧੱਕੇ ਮਾਰੇ। ਸਦਨ ਵਿੱਚ ਹੰਗਾਮੇ ਤੋਂ ਬਾਅਦ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ।
ਦਰਅਸਲ ਲੰਗੇਟ ਦੇ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨੇ ਸਦਨ ‘ਚ ਧਾਰਾ 370 ਵਾਪਸ ਲੈਣ ਦਾ ਬੈਨਰ ਲਹਿਰਾਇਆ। ਬੈਨਰ ‘ਤੇ ਲਿਖਿਆ ਸੀ, ‘ਅਸੀਂ ਧਾਰਾ 370 ਅਤੇ 35ਏ ਦੀ ਬਹਾਲੀ ਅਤੇ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਚਾਹੁੰਦੇ ਹਾਂ। ਭਾਜਪਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਸ਼ਰਮਾ ਨੇ ਇਸ ਦਾ ਵਿਰੋਧ ਕੀਤਾ।ਇਸ ਦੌਰਾਨ ਨਾਅਰੇਬਾਜ਼ੀ ਸ਼ੁਰੂ ਹੋ ਗਈ।
ਭਾਜਪਾ ਵਿਧਾਇਕਾਂ ਦੇ ਵਿਰੋਧ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਉਹ ਸਦਨ ‘ਚ ਖੁਰਸ਼ੀਦ ਅਹਿਮਦ ਸ਼ੇਖ ਕੋਲ ਪਹੁੰਚੇ ਅਤੇ ਉਸ ਦੇ ਹੱਥੋਂ ਬੈਨਰ ਖੋਹ ਲਿਆ। ਇਸ ਦੌਰਾਨ ਸੱਜਾਦ ਲੋਨ ਅਤੇ ਵਹੀਦ ਪਾਰਾ ਅਤੇ ਨੈਸ਼ਨਲ ਕਾਨਫਰੰਸ ਦੇ ਕੁਝ ਹੋਰ ਵਿਧਾਇਕ ਸ਼ੇਖ ਦੇ ਸਮਰਥਨ ‘ਚ ਭਾਜਪਾ ਵਿਧਾਇਕਾਂ ਨਾਲ ਭਿੜ ਗਏ।

Published on: ਨਵੰਬਰ 7, 2024 11:28 ਪੂਃ ਦੁਃ