ਦਲਜੀਤ ਕੌਰ
ਬਰਨਾਲਾ, 7 ਨਵੰਬਰ, 2024: ਤਾਉਮਰ ਲੋਕ ਕਿਸਾਨ -ਮਜਦੂਰ ਹਿੱਤਾਂ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸੁਰਜੀਤ ਸਿੰਘ 79 ਸਾਲ ਦਾ ਸਫ਼ਰ ਪੂਰਾ ਕਰਕੇ 31 ਅਕਤੂਬਰ 2024 ਨੂੰ ਸਰੀਰਕ ਰੂਪ ਵਿੱਚ ਵਿਛੋੜਾ ਦੇ ਗਏ। ਕਿਸਾਨ ਆਗੂ ਸਰਜੀਤ ਸਿੰਘ ਦਾ ਜਨਮ ਪਿੰਡ ਭੋਤਨਾ (ਜ਼ਿਲ੍ਹਾ ਬਰਨਾਲਾ) ਵਿੱਚ 1946 ਵਿੱਚ ਮੱਧ ਵਰਗੀ ਕਿਸਾਨ ਪ੍ਰੀਵਾਰ ਵਿੱਚ ਪਿਤਾ ਸ. ਦਾਨ ਸਿੰਘ ਅਤੇ ਮਾਤਾ ਧੰਨ ਕੌਰ ਦੀ ਕੁੱਖੋਂ ਹੋਇਆ। ਸੁਰਜੀਤ ਸਿੰਘ ਨੇ ਅੱਠਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਆਪਣੇ ਮਾਤਾ ਪਿਤਾ ਨਾਲ ਖੇਤੀਬਾੜੀ ਦੇ ਕੰਮ ਧੰਦੇ ਵਿੱਚ ਚੰਗੀ ਰੁਚੀ ਰੱਖਦੇ ਰਹੇ। ਸਦ ਮੁਰਾਦੀ ਰਹਿਣੀ ਦੇ ਮਾਲਕ, ਖ਼ੇਤੀਬਾੜੀ ਦੇ ਨਾਲ ਨਾਲ ਪੰਜਾਬ ਵਿੱਚ ਚੱਲੀਆਂ ਵੱਖ ਵੱਖ ਲੋਕ ਲਹਿਰਾਂ ਵਿੱਚ ਵੀ ਸਰਜੀਤ ਸਿੰਘ ਨੇ ਆਖ਼ਰੀ ਸਮੇਂ ਤੱਕ ਆਪਣਾ ਯੋਗਦਾਨ ਪਾਇਆ। ਸੁਰਜੀਤ ਸਿੰਘ ਭਰ ਜਵਾਨੀ ਸਮੇਂ ਤੋਂ ਨੌਜਵਾਨ ਭਾਰਤ ਸਭਾ ਵਿੱਚ ਸਰਗਰਮ ਭੂਮਿਕਾ ਨਿਭਾਉਣ ਤੋਂ ਸ਼ੁਰੂ ਕੀਤਾ ਸਫ਼ਰ ਦੇ ਚਲਦਿਆਂ ਕਿਸਾਨ ਜਥੇਬੰਦੀ ਦੇ ਵਿੱਚ ਇੱਕ ਚੰਗੇ ਆਗੂ ਦੇ ਤੌਰ ‘ਤੇ 1984 ਚੰਡੀਗੜ ਦੇ ਮੋਰਚੇ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਆਪਣੀ 79 ਸਾਲ ਦੀ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ ਪਰ ਅਡੋਲ ਆਪਣੇ ਸਫ਼ਰ ਤੇ ਮੜ੍ਹਕ ਨਾਲ ਤੁਰਦਾ ਰਿਹਾ।
ਚੰਡੀਗੜ੍ਹ ਦੇ ਮੋਰਚੇ ਵਿੱਚ ਉਨ੍ਹਾਂ ਨੇ 25 ਦਿਨ ਦੀ ਜੇਲ੍ਹ ਕੱਟੀ,
ਉਸ ਤੋਂ ਪਿੱਛੋਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਕਿਸਾਨ ਜਥੇਬੰਦੀ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਕਰਦਿਆਂ ਪਿੰਡ ਢਿੱਲਵਾਂ ਦੇ ਇੱਕ ਕਿਸਾਨ ਦਾ 35-11 ਟਰੈਕਟਰ ਬਰਨਾਲੇ ਦੀ ਏਜੰਸੀ ਚੋਂ ਵਾਪਸ ਕਰਵਾਇਆ। ਸ਼ਹਿਣਾ ਬਲਾਕ ਦੇ ਪਿੰਡਾਂ ਵਿੱਚ ਕਿਸਾਨ ਜੱਥੇਬੰਦੀ ਦਾ ਮੁੱਢ ਬੰਨ੍ਹਿਆ ਅਤੇ ਪਿੰਡਾਂ ਵਿੱਚ ਇਕਾਈਆਂ ਖੜ੍ਹੀਆਂ ਕੀਤੀਆਂ। ਸਰਜੀਤ ਸਿੰਘ ਇੱਕ ਅਣਥੱਕ ਮਿਹਨਤੀ ਵਿਅਕਤੀ ਸਨ ਜਿਨ੍ਹਾਂ ਨੇ ਚੰਡੀਗੜ੍ਹ ਮੋਰਚਾ, ਕੋਟ ਦੁੱਨਾ, ਮਾਈਸਰਖਾਨਾ, ਟਰਾਈਡੈਂਟ, ਭਦੌੜ ਦੇ 88 ਏਕੜ ਜਮੀਨ ਦਾ ਮਸਲਾ, ਮਹਿਲਕਲਾਂ ਕਿਰਨਜੀਤ ਕਾਂਡ, ਮਨਜੀਤ ਧਨੇਰ ਸਮੇਤ ਤਿੰਨ ਲੋਕ ਆਗੂਆਂ ਦੀ ਰਿਹਾਈ, ਕਿਸਾਨੀ ਸੰਘਰਸ਼ਾਂ ਦੌਰਾਨ ਇੱਕ ਨਹੀਂ ਦਰਜਨਾਂ ਵਾਰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ। ਬਰਨਾਲੇ ਦੀ ਜੇਲ੍ਹ ਵਿੱਚ ਵੀ 28 ਦਿਨ ਨਜ਼ਰ ਬੰਦ ਰਹੇ ਸਨ। ਸੁਰਜੀਤ ਸਿੰਘ ਦਾ ਦਿੱਲੀ ਕਿਸਾਨੀ ਅੰਦੋਲਨ ਵਿੱਚ ਵੱਡਾ ਯੋਗਦਾਨ ਰਿਹਾ ਆਪਣੀ ਸਿਹਤ ਪੂਰੀ ਠੀਕ ਨਾ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਮਾਨਸਾ ਪਿੰਡ ਕੁਲਰੀਆਂ ਦੇ ਆਬਾਦਕਾਰਾਂ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਵਾਉਣ ਲਈ ਕਾਫ਼ਲਿਆਂ ਦਾ ਹਿੱਸਾ ਬਣਦੇ ਰਹੇ।
ਸੁਰਜੀਤ ਸਿੰਘ ਆਪਣੇ ਸਮੇਂ ਦੌਰਾਨ ਪਿੰਡ ਕਮੇਟੀ ਤੋਂ ਲੈ ਕੇ ਜ਼ਿਲ੍ਹਾ ਕਮੇਟੀ ਤੱਕ ਦੇ ਅਹੁਦੇਦਾਰ ਰਹੇ ਅਤੇ ਜਥੇਬੰਦੀ ਵਿੱਚ ਇਮਾਨਦਾਰੀ ਅਤੇ ਪੂਰੀ ਦ੍ਰਿੜਤਾ ਦੇ ਨਾਲ ਕੰਮ ਕਰਦੇ ਰਹੇ। ਹੁਣ ਵੀ ਉਹ ਮਨਜੀਤ ਧਨੇਰ ਦੀ ਅਗਵਾਈ ਵਾਲੀ ਮੌਜੂਦਾ ਪਿੰਡ ਇਕਾਈ ਦੇ ਪ੍ਰਧਾਨ ਅਤੇ ਬਲਾਕ ਕਮੇਟੀ ਦੇ ਮੈਂਬਰ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਹਨ। ਚੇਤੰਨ ਆਗੂ ਦਾ ਇਉਂ ਬੇਵਕਤੀ ਵਿਛੋੜਾ ਪ੍ਰੀਵਾਰ ਸਮੇਤ ਜਥੇਬੰਦੀ ਲਈ ਵੱਡਾ ਘਾਟਾ ਹੈ। ਜਥੇਬੰਦੀ ਸਾਥੀ ਸੁਰਜੀਤ ਸਿੰਘ ਦੇ ਪ੍ਰੀਵਾਰ ਪੁੱਤਰ ਬਲਵੀਰ ਸਿੰਘ ਅਤੇ ਪੋਤਰੇ ਗੁਰਦੀਪ ਸਿੰਘ ਦੇ ਦੁੱਖ ਵਿੱਚ ਸ਼ਾਮਿਲ ਹੈ। ਸਾਥੀ ਸੁਰਜੀਤ ਭੋਤਨਾ ਦੀ ਭਾਕਿਯੂ ਏਕਤਾ ਡਕੌਂਦਾ ਦੇ ਬੈਨਰ ਵਿੱਚ ਲਪੇਟੀ ਮ੍ਰਿਤਕ ਦੇਹ ਨੂੰ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਜੁੜੇ ਕਾਫ਼ਲਿਆਂ ਨੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਸ ਸਮੇਂ ਕਿਸਾਨ ਲਹਿਰ ਸਾਹਮਣੇ ਚੁਣੌਤੀਆਂ ਵਡੇਰੀਆਂ ਹਨ। ਖੇਤੀਬਾੜੀ ਕਿੱਤਾ ਨੂੰ ਸਮੇਂ ਸਮੇਂ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਕਾਰਪੋਰੇਟ ਘਰਾਣਿਆਂ ਪੱਖੀ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਵਿਸ਼ਾਲ ਕਿਸਾਨ ਲਹਿਰ ਦੀ ਉਸਾਰੀ ਵਾਲਾ ਵਡੇਰਾ ਕਾਰਜ਼ ਦਰਪੇਸ਼ ਹੈ। ਆਓ, 8 ਨਵੰਬਰ ਨੂੰ ਕਿਸਾਨ ਆਗੂ ਸੁਰਜੀਤ ਸਿੰਘ ਭੋਤਨਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਕੇ ਜਥੇਬੰਦੀ ਨੂੰ ਮਜ਼ਬੂਤ ਅਤੇ ਸੰਘਰਸ਼ਾਂ ਦੇ ਸਫ਼ਰ ਨੂੰ ਜਾਰੀ ਰੱਖਣ ਦਾ ਅਹਿਦ ਕਰੀਏ। ਇਹੋ ਸਾਡੇ ਹਰਮਨ ਪਿਆਰੇ ਕਿਸਾਨ ਆਗੂ ਸੁਰਜੀਤ ਸਿੰਘ ਭੋਤਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।